ਪੰਜਾਬ ਵਿੱਚ ਲਗਾਤਾਰ ਲਾਪਤਾ ਹੋ ਰਹੇ ਬੱਚਿਆਂ ਦੀਆਂ ਵੱਧ ਰਹੀਆਂ ਸ਼ਿਕਾਇਤਾਂ ਨੂੰ ਦੇਖਦਿਆਂ ਹੋਇਆ ਹੁਣ ਭਿਖਾਰੀਆਂ ‘ਤੇ ਫਤਿਹਗੜ੍ਹ ਸਾਹਿਬ ਜ਼ਿਲਾ ਪ੍ਰਸ਼ਾਸਨ ਵੱਲੋਂ ਮੁੜ ਤੋਂ ਸਖਤ ਸਿਕੰਜਾ ਕੱਸਿਆ ਹੈ। ਜ਼ਿਲ੍ਹੇ ਵਿੱਚੋਂ ਵੱਖ-ਵੱਖ ਥਾਵਾਂ ‘ਤੇ ਭੀਖ ਮੰਗਣ ਵਾਲੇ 18 ਬੱਚਿਆਂ ਦਾ ਰੈਸਕਿਊ ਗਿਆ ਹੈ। ਜ਼ਿਲ੍ਹਾ ਬਾਲ ਭਲਾਈ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਦੁਆਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਧਾਰਮਿਕ ਸਥਾਨਾਂ ਦੇ ਨਾਲ ਨਾਲ ਵੱਖ- ਵੱਖ ਥਾਵਾਂ ‘ਤੇ ਚੈਕਿੰਗ ਕੀਤੀ ਗਈ ਅਤੇ ਦੇਖਿਆ ਗਿਆ ਕਿ ਕੋਈ ਵੀ ਬੱਚਾ ਅਜਿਹਾ ਨਾ ਹੋਵੇ, ਜੋ ਭੀਖ ਮੰਗ ਰਿਹਾ ਹੋਵੇ ਜਾਂ ਕੋਈ ਮਾਪੇ ਅਜਿਹੇ ਹੋਣ ਜੋ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕਰ ਰਹੇ ਹੋਣ।
ਹਰਭਜਨ ਸਿੰਘ ਮਹਿਮੀ ਨੇ ਕਿਹਾ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਹੁਣ ਤੱਕ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਚੈਕਿੰਗ ਕਰ ਚੁੱਕੇ ਹਾਂ ਅਤੇ 18 ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਹੈ, ਜਿਨਾਂ ਵਿੱਚੋਂ ਦੋ ਬੱਚੇ ਬਾਲ ਘਰ ਪਿੱਛੇ ਭੇਜੇ ਗਏ ਸਨ। ਜਿਨਾਂ ਦੀ ਬਾਅਦ ਵਿੱਚ ਪ੍ਰੋਪਰ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਮਾਪਿਆਂ ਦੇ ਹਵਾਲੇ ਕਰ ਦਿੱਤੇ ਗਏ।
ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਜੀਵਨਜੋਤ 2.0 ਤਹਿਤ ਰੇਸਕਿਊ ਕੀਤੇ ਗਏ 18 ਬੱਚਿਆਂ ਦਾ ਰੈਸਕਿਊ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਆਈਡੈਂਟੀਫਾਈ ਬੱਚੇ ਉਨਾਂ ਦੇ ਮਾਪਿਆਂ ਨੂੰ ਸੌਂਪੇ ਵੀ ਜਾ ਰਹੇ ਹਨ ਤੇ ਭੀਖ ਮੰਗਵਾਉਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਜੇਕਰ ਉਨਾਂ ਨੇ ਫਿਰ ਆਪਣੇ ਬੱਚਿਆਂ ਤੋਂ ਭੀਖ ਮੰਗਵਾਉਣ ਵਰਗੇ ਕੰਮ ਕੀਤੇ ਤਾਂ ਮਾਪਿਆਂ ਤੇ ਵੀ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਦੱਸਿਆ ਕਿ ਚੈਕਿੰਗ ਦੌਰਾਨ ਜੇਕਰ ਬੱਚਿਆਂ ਅਤੇ ਮਾਪਿਆਂ ਪ੍ਰਤੀ ਕਿਸੇ ਤਰ੍ਹਾਂ ਦੀ ਕੋਈ ਪਹਿਚਾਨ ਸਾਹਮਣੇ ਨਹੀਂ ਆਉਂਦੀ ਤਾਂ ਬੱਚਿਆਂ ਦਾ ਡੀ.ਐਨ.ਏ ਟੈਸਟ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਭੀਖ ਮੰਗਦਾ ਹੈ ਤਾਂ ਉਸ ਨੂੰ ਕਿਸੇ ਤਰ੍ਹਾਂ ਦਾ ਪੈਸਾ ਵਗੈਰਾ ਨਾ ਦਿੱਤਾ ਜਾਵੇ ਬਲਕਿ ਸਿੱਖਿਆ ਵੱਲ ਲਗਵਾਇਆ ਜਾਵੇ ਤੇ ਬੱਚਿਆਂ ਦਾ ਬਚਪਨ ਖਰਾਬ ਨਾ ਕੀਤਾ ਜਾਵੇ ।
ਉਹਨਾਂ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਬਾਲ ਭਿਖਾਰੀ ਅਤੇ ਬਾਲ ਮਜ਼ਦੂਰੀ ਕਰਦਾ ਕੋਈ ਬੱਚਾ ਪਾਇਆ ਜਾਂਦਾ ਹੈ ਤਾਂ ਵਿਭਾਗ ਦੇ ਚਾਇਲਡ ਹੈਲਪ ਲਾਈਨ ਨੰਬਰ 1098 ਤੇ ਸੰਪਰਕ ਕਰਕੇ ਸੂਚਨਾ ਦਿੱਤੀ ਜਾ ਸਕਦੀ ਹੈ ਜਿਸ ਉਪਰੰਤ ਵਿਭਾਗ ਦੀਆਂ ਟੀਮਾਂ ਜਾ ਕੇ ਚੈਕਿੰਗ ਕਰਨਗੀਆਂ ਤੇ ਜੇਕਰ ਕੋਈ ਬੱਚਾ ਬਾਲ ਮਜ਼ਦੂਰੀ ਕਰਦਾ ਪਾਇਆ ਗਿਆ ਤਾਂ ਉਸ ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।