ਤਰਨਤਾਰਨ ਵਿਧਾਨ ਸਭਾ ਹਲਕੇ ਦੀ ਹੋਣ ਵਾਲੀ ਜ਼ਿਮਨੀ ਚੋਣ ਦੇ ਸਿਲਸਿਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ‘ਚ ਚੋਣ ਪ੍ਰਚਾਰ ਤੇਜ਼ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤਰਨਤਾਰਨ ਹਲਕੇ ਦੇ ਪਿੰਡ ਮੀਆਂ ਪੁਰ,ਢੰਗ,ਕਸੇਲ ਅਤੇ ਹਰਬੰਸਪੁਰਾ ਵਿਖੇ ਵੱਖ ਵੱਖ ਥਾਵਾਂ ‘ਤੇ ਅਕਾਲੀ ਵਰਕਰਾਂ ਨਾਲ ਬੂਥ ਪੱਧਰੀ ਮੀਟਿੰਗਾਂ ਕੀਤੀਆਂ ਗਈਆਂ।
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਸੁੱਖ ਸਹੂਲਤਾਂ ਅਕਾਲੀ ਦਲ ਦੀ ਸਰਕਾਰ ਸਮੇਂ ਲੋਕਾਂ ਨੂੰ ਦਿੱਤੀਆਂ ਗਈਆਂ ਸਨ ,ਮੌਜੂਦਾ ਸਰਕਾਰ ਵੱਲੋਂ ਬੰਦ ਕੀਤੀਆਂ ਸਹੂਲਤਾਂ ਨੂੰ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਮੁੜ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਸੂਬੇ ਦੇ ਕਿਸਾਨ ਹੜਾਂ ਨਾਲ ਜੂਝ ਰਹੇ ਹਨ , ਦੂਜੇ ਪਾਸੇ ਮੁੱਖ ਮੰਤਰੀ ਪਿਕਨਿਕ ਮਨਾਉਣ ਲਈ ਤਾਮਿਲਨਾਡੂ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਦਰਿਆਵਾਂ ਦੇ ਬੰਨਾਂ ਨੂੰ ਪੱਕਿਆਂ ਕੀਤਾ ਜਾਵੇਗਾ।
ਇਸ ਮੌਕੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਅਤੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੇ ਵੀ ਮੌਜੂਦਾ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਹੁੰਚ ਕੇ ਬੂਥ ਪੱਧਰ ‘ਤੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਵਿੱਚ ਚੋਣ ਨੂੰ ਲੈਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਉਕਤ ਚੋਣ ਵਿਚ ਪਾਰਟੀ ਉਮੀਦਵਾਰ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੇ ਕਿਹਾ ਕਿ ਅੱਜ ਪਾਰਟੀ ਪ੍ਰਧਾਨ ਆਏ ਹਨ ਅਤੇ ਇਕੱਲੇ ਇਕੱਲੇ ਬੰਦੇ ਨੂੰ ਉਹ ਬੂਥ ਪੱਧਰ ‘ਤੇ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਵਿੱਚ ਬਹੁਤ ਉਤਸ਼ਾਹ ਹੈ।