ਕੇਂਦਰ ਤੇ ਆਪ ਦੋਵਾਂ ਸਰਕਾਰਾਂ ਨੇ ਰਾਜ ‘ਚ ਪੰਜਾਬੀਆਂ ਨੂੰ ਫੇਲ੍ਹ ਕੀਤਾ : ਸੁਖਬੀਰ ਸਿੰਘ ਬਾਦਲ

0
2057
Both the central and AAP governments have failed Punjabis in the state: Sukhbir Singh Badal

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕੇਂਦਰ ਦੇ ਨਾਲ-ਨਾਲ ਆਮ ਆਦਮੀ ਪਾਰਟੀ (ਆਪ) ਸਰਕਾਰ ਰਾਜ ਵਿਚ ਪੰਜਾਬ ਨੂੰ ਫੇਲ੍ਹ ਕਰ ਦਿੱਤਾ ਹੈ ਤੇ ਉਹਨਾਂ ਨੇ ਹੜ੍ਹਾਂ ਤੋਂ ਬਚਾਅ ਤੇ ਰਾਹਤ ਕਾਰਜ ਆਪਣੇ ਹੱਥ ਵਿਚ ਲੈਣ ’ਤੇ ਪੰਜਾਬੀਆਂ ਦੀ ਚੜ੍ਹਦੀਕਲਾ ਦੀ ਭਾਵਨਾ ਦੀ ਰਜਵੀਂ ਸ਼ਲਾਘਾ ਕੀਤੀ। ਅਕਾਲੀ ਦਲ ਦੇ ਪ੍ਰਧਾਨ, ਜੋ ਇਥੇ ਸਾਰੰਗਪੁਰ ਫਸੇ ਅਤੇ ਦੋਧਰ ਪਿੰਡਾਂ ਦੇ ਨਾਲ-ਨਾਲ ਬੇਲਾ ਚੌਂਕ ਪਹੁੰਚਣ ਵਾਸਤੇ ਟਰੈਕਟਰ ਚਲਾ ਕੇ ਪਹੁੰਚੇ, ਨੇ ਕਿਸਾਨਾਂ ਨਾਲ ਗੱਲਬਾਤ ਕਰ ਕੇ ਬੰਨ ਮਜ਼ਬੂਤ ਕਰਨ ਦੀ ਲੋੜ ਵਾਲੇ ਇਲਾਕਿਆਂ ਦੀ ਗੱਲ ਕੀਤੀ ਤੇ ਉਹਨਾਂ ਦੀ ਵਿੱਤੀ ਤੇ ਸਮਾਨ ਨਾਲ ਸਹਾਇਤਾ ਕੀਤੀ।

ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮਨੁੱਖ ਵੱਲੋਂ ਸਹੇੜੇ ਹੜ੍ਹਾਂ ਨਾਲ ਲੱਖਾਂ ਲੋਕਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਹੈ। ਉਹਨਾਂ ਕਿਹਾ ਕਿ ਪਿਛਲੇ ਪੰਦਰਾਂ ਦਿਨਾਂ ਤੋਂ ਸੂਬਾ ਹੜ੍ਹਾਂ ਦੀ ਮਾਰ ਹੇਠ ਹੈ ਪਰ ਰਾਹਤ ਕਾਰਜਾਂ ਵਾਸਤੇ ਕੋਈ ਵਿੱਤੀ ਸਹਾਇਤਾ ਜਾਰੀ ਨਹੀਂ ਕੀਤੀ ਗਈ। ਉਹਨਾਂ ਨੇ ਦੋਵੇਂ ਹੱਥ ਜੋੜ ਕੇ ਪਿੰਡਾਂ ਵਾਲਿਆਂ ਨੂੰ ਸਲਾਮ ਕੀਤਾ ਤੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਭਰਾਵਾਂ ਦੀ ਮਦਦ ਵਾਸਤੇ ਨਿਤਰਣ ਨਾਲ ਵੱਡਾ ਫਰਕ ਪਿਆ ਹੈ। ਉਹਨਾਂ ਕਿਹਾ ਕਿ ਹੌਲੀ-ਹੌਲੀ ਹਾਲਾਤ ਕਾਬੂ ਵਿਚ ਆ ਰਹੇ ਹਨ। ਉਹਨਾਂ ਕਿਹਾ ਕਿ ਤੁਹਾਡੇ ਵੱਲੋਂ ਆਪਾ ਵਾਰ ਕੇ ’ਸੇਵਾ’ ਕਰਨ ਦੇ ਜ਼ਜਬੇ ਤੇ ਬਹਾਦਰੀ ਅਤੇ ਪ੍ਰਭਾਵਤ ਲੋਕਾਂ ਦੀ ਮਦਦ ਕਰਨ ਨਾਲ ਰਾਹਤ ਕਾਰਜਾਂ ਵਿਚ ਵੱਡੀ ਮਦਦ ਮਿਲ ਰਹੀ ਹੈ ਤੇ ਹੁਣ ਹਾਲਾਤ ਸਾਡੇ ਹੱਕ ਵਿਚ ਹੋ ਰਹੇ ਹਨ।

ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ’ਚੜ੍ਹਦੀਕਲਾ’ ਵਿਚ ਰਹਿਣ ਤੇ ਲੋਕਾਂ ਨੇ ’ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ’ ਦੇ ਨਾਅਰੇ ਲਗਾਏ। ਉਹਨਾਂ ਕਿਹਾ ਕਿ ਸਾਰੇ ਹੜ੍ਹ ਰੋਕੂ ਕਾਰਜਾਂ ਵਿਚ ਅਕਾਲੀ ਦਲ ਦਾ ਕੇਡਰ ਲੋਕਾਂ ਦੀ ਡਟਵੀਂ ਮਦਦ ਕਰ ਰਿਹਾ ਹੈ। ਉਹਨਾਂਕਿਹਾ  ਕਿ ਅਕਾਲੀ ਦਲ ਨੇ ਜਲੰਧਰ ਵਿਚ ਸਹਾਇਤਾ ਕੇਂਦਰ ਸਥਾਪਿਤ ਕੀਤਾ ਹੈ ,ਜਿਥੇ ਸਾਰੇ ਕੇਡਰ ਸਹਾਇਤਾ ਪ੍ਰਦਾਨ ਕਰ ਰਹੇ ਹਨ ਤੇ ਇਹ ਰਾਹਤ ਪ੍ਰਭਾਵਤ ਲੋਕਾਂ ਨੂੰ ਪਹੁੰਚਾਈ ਜਾ ਰਹੀ ਹੈ।

ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਸਾਰੰਗਪੁਰ ਫਸੇ ਦੀ ਪਿੰਡ ਕਮੇਟੀ ਨੂੰ 2 ਲੱਖ ਰੁਪਏ ਮਾਲੀ ਮਦਦ ਵੀ ਪ੍ਰਦਾਨ ਕੀਤੀ। ਉਹਨਾਂ ਨੇ ਲੋਹੇ ਦਾ ਜੰਗਲਾ ਬਣਾਉਣ ਵਾਸਤੇ ਦੌਧਰਪੁਰ ਵਿਚ ਵੀ 2 ਲੱਖ ਰੁਪਏ ਪ੍ਰਦਾਨ ਕੀਤੇ ਅਤੇ 1000 ਲੀਟਰ ਡੀਜ਼ਲ ਵੀ ਪ੍ਰਦਾਨ ਕੀਤਾ ਅਤੇ ਪਿੰਡ ਨੂੰ ਜਲਦੀ ਹੀ 5 ਹਜ਼ਾਰ ਲੀਟਰ ਪ੍ਰਦਾਨ ਕਰਨ ਦਾ ਵਾਅਦਾ ਕੀਤਾ। ਉਹਨਾਂ ਨੇ ਦੋਵਾਂ ਪਿੰਡਾਂ ਦੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਜਲਦੀ ਹੀ 500 ਅਕਾਲੀ ਵਰਕਰ ਬੰਨ ਦੀ ਮਜ਼ਬੂਤੀ ਵਾਸਤੇ ਪਿੰਡ ਦੀਆਂ ਕਮੇਟੀ ਦੀ ਮਦਦ ਕਰਨਗੇ।

ਬੇਲਾ ਚੌਂਕ ਵਿਖੇ ਸੁਖਬੀਰ ਸਿੰਘ ਬਾਦਲ ਨੇ ਪਿੰਡ ਵਾਲਿਆਂ ਨੂੰ ਬੰਨ ਮਜ਼ਬੂਤ ਕਰਨ ਦਾ ਭਰੋਸਾ ਦੁਆਇਆ ਅਤੇ ਕਿਹਾ ਕਿ ਹੜ੍ਹਾਂ ਦੀ ਮਾਰ ਇਸ ਸਾਲ ਬਹੁਤ ਜ਼ਿਆਦਾ ਪਈ ਹੈ ਕਿਉਂਕਿ ਸਮੇਂ ਸਿਰ ਹੜ੍ਹ ਰੋਕੂ ਕਾਰਜ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 5 ਜੂਨ ਨੂੰ ਹੜ੍ਹ ਰੋਕੂ ਕਾਰਜਾਂ ਲਈ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮਗਰੋਂ ਹੜ੍ਹ ਰੋਕੂ ਕਾਰਜਾਂ ਵਾਸਤੇ ਕੋਈ ਮੀਟਿੰਗ ਨਹੀਂ ਹੋਈ।

ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਹੁਣ ਤੱਕ ਰਾਹਤ ਤੇ ਮੁੜ ਵਸੇਬੇ ਵਾਸਤੇ ਕੋਈ ਵੀ ਪੈਸਾ ਪ੍ਰਦਾਨ ਨਹੀਂ ਕੀਤਾ। ਉਹਨਾਂ ਕਿਹਾ ਕਿ ਪੰਜਾਬੀ ਜੋ ਸੰਕਟ ਵੇਲੇ ਹੋਰ ਰਾਜਾਂ ਦੀ ਮਦਦ ਕਰਦੇ ਹਨ, ਇਸ ਤ੍ਰਾਸਦੀ ਭਰੇ ਸਮੇਂ ਵਿਚ ਪੰਜਾਬੀਆਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ। ਇਸ ਮੌਕੇ ਸੀਨੀਅਰ ਆਗੂ ਪਰਮਜੀਤ ਸਿੰਘ ਢਿੱਲੋਂ, ਪਰਮਜੀਤ ਸਿੰਘ ਲੱਖੇਵਾਲ ਸ਼੍ਰੋਮਣੀ ਕਮੇਟੀ ਮੈਂਬਰ, ਰਵਿੰਦਰ ਖੇੜਾ, ਯਾਦਵਿੰਦਰ ਸਿੰਘ ਯਾਦੂ ਅਤੇ ਹਰਜਿੰਦਰ ਸਿੰਘ ਪਵਾਤ ਵੀ ਹਾਜ਼ਰ ਸਨ।

 

LEAVE A REPLY

Please enter your comment!
Please enter your name here