ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਨਾਲ 40 ਦੀ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਪਰ ਇਨ੍ਹਾਂ ਹੜ੍ਹਾਂ ਨੇ ਗੁਰਦੇ ਦੀ ਬਿਮਾਰੀ ਤੋਂ ਪੀੜਤ ਅੱਠ ਸਾਲਾ ਬੱਚੇ ਲਈ ਜ਼ਿੰਦਗੀ ਹੋਰ ਵੀ ਮੁਸ਼ਕਲ ਬਣਾ ਦਿੱਤੀ ਹੈ, ਜਿਸਦਾ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅਭਿਜੋਤ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਬਲਾਕ ਦੇ ਤਲਵੰਡੀ ਰਾਏ ਦਾਦੂ ਪਿੰਡ ਦਾ ਰਹਿਣ ਵਾਲਾ ਹੈ ਅਤੇ ਗੁਰਦੇ ਦੀ ਬਿਮਾਰੀ, ਜਿਸਨੂੰ ਨੈਫਰੋਟਿਕ ਸਿੰਡਰੋਮ ਕਿਹਾ ਜਾਂਦਾ ਹੈ, ਤੋਂ ਪੀੜਤ ਹੈ।
ਇਹ ਪਰਿਵਾਰ ਹਰ ਦੋ ਮਹੀਨਿਆਂ ਬਾਅਦ ਲਗਭਗ 250 ਕਿਲੋਮੀਟਰ ਦੂਰ ਚੰਡੀਗੜ੍ਹ ਦੇ PGIMER (ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ) ਜਾਂਦਾ ਸੀ, ਜਿਸਦੇ ਇਲਾਜ ਲਈ 45,000 ਰੁਪਏ ਦਾ ਖਰਚਾ ਆਉਂਦਾ ਸੀ, ਪਰ ਉਸਦੇ ਪਿੰਡ ਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਹੜ੍ਹ ਨੇ ਚੀਜ਼ਾਂ ਨੂੰ ਬਹੁਤ ਗੁੰਝਲਦਾਰ ਬਣਾ ਦਿੱਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਭ ਤੋਂ ਬੁਨਿਆਦੀ ਚੀਜ਼ਾਂ ਪ੍ਰਾਪਤ ਕਰਨ ਲਈ ਵੀ ਤੈਰਨਾ ਪੈ ਰਿਹਾ ਹੈ। ਪਰਿਵਾਰ ਨੇ ਆਪਣਾ ਇੱਕੋ ਇੱਕ ਆਮਦਨ ਦਾ ਸਰੋਤ ਵੀ ਗੁਆ ਦਿੱਤਾ ਹੈ ਕਿਉਂਕਿ ਉਨ੍ਹਾਂ ਦਾ ਖੇਤ ਹੜ੍ਹਾਂ ਵਿੱਚ ਡੁੱਬ ਗਿਆ ਹੈ ਤੇ ਫਸਲਾਂ ਤਬਾਹ ਹੋ ਗਈਆਂ ਹਨ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮਦਦ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਸੋਸ਼ਲ ਮੀਡੀਆ ਉੱਤੇ ਟਵੀਟ ਕਰਦਿਆਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਿੰਡ ਤਲਵੰਡੀ ਦੇ ਵਸਨੀਕ 8 ਸਾਲਾਂ ਬੱਚੇ ਅਭੀਜੋਤ ਸਿੰਘ ਜੋ ਕਿ ਗੁਰਦੇ ਦੀ ਬਿਮਾਰੀ ਤੋਂ ਪੀੜਤ ਹੈ, ਅੱਜ ਉਸ ਦੇ ਪਰਿਵਾਰ ਦੀ ਇੱਕ ਵੀਡੀਓ ਸਾਹਮਣੇ ਆਈ। ਸਰਕਾਰ ਵੱਲੋਂ ਬੱਚੇ ਦੇ ਇਲਾਜ ਲਈ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਅਸੀਂ ਸੂਬੇ ਦੇ ਕਿਸੇ ਵਿਅਕਤੀ ਨੂੰ ਇਲਾਜ ਅਤੇ ਦਵਾਈ ਪੱਖੋਂ ਵਾਂਝਾ ਨਹੀਂ ਰਹਿਣ ਦੇਵਾਂਗੇ।
ਦੱਸ ਦਈਏ ਕਿ ਅਭਿਜੋਤ ਦੇ ਦੋਵੇਂ ਗੁਰਦੇ ਖਰਾਬ ਹੋ ਗਏ ਹਨ। ਉਸਨੂੰ 18 ਸਾਲ ਦੀ ਉਮਰ ਤੱਕ ਨਿਯਮਤ ਦੇਖਭਾਲ ਦੀ ਲੋੜ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜੇ ਅਸੀਂ ਉਸਦਾ ਇਲਾਜ ਸਮੇਂ ਸਿਰ ਨਹੀਂ ਕਰਵਾਇਆ, ਤਾਂ ਉਸਦਾ ਚਿਹਰਾ ਤੇ ਸਰੀਰ ਸੁੱਜ ਜਾਵੇਗਾ ਸਾਡੇ ਕੋਲ ਪਹਿਲਾਂ ਹੀ ਵਿੱਤੀ ਮੁਸ਼ਕਲਾਂ ਸਨ ਅਤੇ ਹੁਣ ਚੀਜ਼ਾਂ ਹੋਰ ਵੀ ਮਾੜੀਆਂ ਹੋ ਗਈਆਂ ਹਨ।