ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਸਮਾਗਮ ਦੇਸ਼ ਅਤੇ ਦੁਨੀਆਂ ਵਿੱਚ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ। ਅਸੀਂ ਤੁਹਾਨੂੰ ਗੁਰੂ ਸਾਹਿਬ ਨਾਲ ਸੰਬੰਧਿਤ ਸ੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਸੁਸ਼ੋਭਿਤ ਗੁਰੂ ਸਾਹਿਬਾਨਾਂ ਦੇ ਦਰਸ਼ਨ ਕਰਵਾਵਾਂਗੇ ਤੇ ਉਸੇ ਘੜੀ ਦੇ ਵਿੱਚ ਅੱਜ ਗੱਲ ਕਰਾਂਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੁਸ਼ੋਭਿਤ ਗੁਰਦੁਆਰਾ ਗੁਰੂ ਕਾ ਮਹੱਲ ਭੌਰਾ ਸਾਹਿਬ ਦੀ।
ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ 16 ਜੂਨ 1965 ਨੂੰ ਚੱਕ ਮਾਤਾ ਨਾਨਕੀ ਜਿਸ ਨੂੰ ਮੌਜੂਦਾ ਸਮੇਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਕਿਹਾ ਜਾਂਦਾ ਹੈ ਉਸ ਦੀ ਨੀਹ ਰਖਵਾਈ ਗਈ। ਪਹਾੜੀ ਰਾਜਿਆਂ ਤੋਂ ਮੁੱਲ ਜਮੀਨ ਖਰੀਦ ਕੇ ਇਸ ਸ਼ਹਿਰ ਦੀ ਸਥਾਪਨਾ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਕੀਤੀ ਗਈ। ਜਿਸ ਅਸਥਾਨ ਤੇ ਗੁਰੂ ਸਾਹਿਬ ਦਾ ਪਰਿਵਾਰ ਰਹਿੰਦਾ ਸੀ ਉਸ ਅਸਥਾਨ ਤੇ ਮੌਜੂਦਾ ਸਮੇਂ ਵਿੱਚ ਗੁਰਦੁਆਰਾ ਗੁਰੂ ਕਾ ਮਹੱਲ ਭੌਰਾ ਸਾਹਿਬ ਸੁਸ਼ੋਭਿਤ ਹੈ ਤੇ ਇਸ ਅਸਥਾਨ ਨੂੰ ਸ੍ਰੀ ਆਨੰਦਪੁਰ ਸਾਹਿਬ ਦਾ ਪਹਿਲਾ ਘਰ ਵੀ ਕਿਹਾ ਜਾ ਸਕਦਾ ਹੈ। ਆਓ ਤੁਹਾਨੂੰ ਦਰਸ਼ਨ ਕਰਵਉਂਦੇ ਹਾਂ ਇਸ ਇਤਿਹਾਸਿਕ ਤੇ ਪਵਿੱਤਰ ਅਸਥਾਨ ਦੇ ਸ੍ਰੀ ਆਨੰਦਪੁਰ ਸਾਹਿਬ ਸਿੱਖ ਧਰਮ ਦੇ ਇਤਿਹਾਸ ਦੀ ਉਹ ਧਰਤੀ, ਜਿੱਥੇ ਗੁਰੂ ਸਾਹਿਬਾਨ ਦੀ ਪਵਿੱਤਰ ਹਜ਼ੂਰੀ ਨੇ ਇਸ ਸੰਸਾਰ ਨੂੰ ਆਤਮਕ ਰੌਸ਼ਨੀ ਨਾਲ ਰੋਸ਼ਨ ਕੀਤਾ।
ਇਸ ਪਵਿੱਤਰ ਨਗਰ ਦੇ ਦਿਲ ਵਿਚ ਸਥਿਤ ਹੈ, ਗੁਰਦੁਆਰਾ ਗੁਰੂ ਕਾ ਮਹੱਲ ਭੌਰਾ ਸਾਹਿਬ, ਜਿਸਦੀ ਇਤਿਹਾਸਕ ਮਹੱਤਤਾ ਅਮੋਲਕ ਹੈ। ਇਹ ਉਹ ਅਸਥਾਨ ਹੈ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਨਿਵਾਸ ਬਣਾਇਆ। ਉਹ ਘਰ, ਜਿਸਨੇ ਬਾਅਦ ਵਿੱਚ ਸਿੱਖ ਰਾਜਨੀਤਕ ਅਤੇ ਆਤਮਕ ਜਾਗਰਤੀ ਦੀ ਨੀਂਹ ਰਖੀ। ਜਦ ਗੁਰੂ ਸਾਹਿਬ ਜੀ ਨੇ ਪਹਾੜੀ ਰਾਜਿਆਂ ਤੋਂ ਜ਼ਮੀਨ ਖਰੀਦੀ, ਤਾਂ ਇਥੇ ਇੱਕ ਨਵੇਂ ਨਗਰ ਦੀ ਸਥਾਪਨਾ ਕੀਤੀ। ਗੁਰੂ ਜੀ ਨੇ ਇਸ ਨਗਰ ਦਾ ਨਾਮ ਆਪਣੀ ਮਾਤਾ ਜੀ ਦੇ ਸਤਿਕਾਰ ਵਿਚ ‘ਚੱਕ ਮਾਤਾ ਨਾਨਕੀ ‘ ਰੱਖਿਆ ਤੇ ਪੂਰੀ ਔਰਤ ਜਾਤੀ ਨੂੰ ਸਤਿਕਾਰ ਭੇਟ ਕੀਤਾ।
ਸਮੇਂ ਦੇ ਬੀਤਣ ਨਾਲ ਇਹ ਨਗਰ ਬਦਲਦਾ ਗਿਆ, ਤੇ ਬਾਅਦ ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਨਾਮ ਨਾਲ ਸਾਰੀ ਦੁਨੀਆ ਵਿਚ ਪ੍ਰਸਿੱਧ ਹੋ ਗਿਆ । ਸੰਨ 1699 ਵਿਵ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਇਸੇ ਸ਼ਹਿਰ ਵਿਚ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ ਜਿਸ ਦੇ ਸਿੱਟੇ ਵਜੋਂ ਇਸ ਸਥਾਨ ਖਾਲਸੇ ਦਾ ਪ੍ਰਗਟ ਸਥਾਨ ਵੱਜੋ ਮਸ਼ਹੂਰ ਹੋਇਆ। ਗੁਰਦੁਆਰਾ ਗੁਰੂ ਕਾ ਮਹੱਲ ਇਹੀ ਉਹ ਘਰ ਹੈ – ਗੁਰੂ ਤੇਗ ਬਹਾਦਰ ਸਾਹਿਬ ਦਾ ਅਸਲ ਗ੍ਰਹਿ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਪਨ ਦੀਆਂ ਅਨੇਕਾਂ ਲੀਲਾਵਾਂ ਕੀਤੀਆਂ।
ਇਹ ਅਸਥਾਨ ਸਿੱਖ ਧਰਮ ਦੀ ਨਵੀਂ ਦਿਸ਼ਾ ਤੇ ਨਵੀਂ ਦੌਰ ਦੀ ਸ਼ੁਰੂਆਤ ਦਾ ਗਵਾਹ ਹੈ। ਗੁਰਦੁਆਰਾ ਗੁਰੂ ਕਾ ਮਹਿਲ ਦੇ ਥੱਲੇ ਇਕ ਭੌਰਾ ਬਣਿਆ ਹੈ ਜਿੱਥੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਰਮਾਤਮਾ ਦੀ ਭਗਤੀ ਕਰਿਆ ਕਰਦੇ ਸਨ। ਅੱਜ ਜਿੱਥੇ ਸੰਗਤ ਗੁਰਦੁਆਰਾ ਗੁਰੂ ਕਾ ਮਹਿਲ ਵਿਖੇ ਨਤਮਸਤਕ ਹੁੰਦੀ ਹੈ ਉੱਥੇ ਹੀ ਗੁਰ ਪਵਿੱਤਰ ਭੌਰਾ ਸਾਹਿਬ ਦੇ ਵੀ ਦਰਸ਼ਨ ਕਰਦੀ ਹੈ।
ਕੰਪਲੈਕਸ ਵਿੱਚ ਕੁਝ ਹੋਰ ਪਵਿੱਤਰ ਸਥਾਨ ਵੀ ਸਥਿਤ ਹਨ :
ਗੁਰਦੁਆਰਾ ਦਮਦਮਾ ਸਾਹਿਬ : ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਅਕਸਰ ਬੈਠਕੇ ਸੰਗਤ ਨੂੰ ਆਤਮਕ ਉਪਦੇਸ਼ ਦਿੰਦੇ ਸਨ। ਇਹ ਥਾਂ ਸਿੱਖ ਚਿੰਤਨ, ਧੀਰਜ ਅਤੇ ਸ਼ਾਂਤੀ ਦਾ ਕੇਂਦਰ ਮੰਨੀ ਜਾਂਦੀ ਹੈ। ਇਸੇ ਅਸਥਾਨ ਤੇ 10 ਪਾਤਸ਼ਾਹ ਨੂੰ ਗੁਰਿਆਈ ਬਖਸ਼ ਕੇ ਬਾਲ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣਾਇਆ ਗਿਆ ਸੀ।
ਗੁਰਦੁਆਰਾ ਥੜ੍ਹਾ ਸਾਹਿਬ : ਇਹ ਥਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਬੈਠਕ ਦਾ ਪ੍ਰਤੀਕ ਹੈ, ਜਿੱਥੇ ਗੁਰੂ ਜੀ ਨੇ ਸੰਗਤ ਨਾਲ ਧਾਰਮਿਕ ਵਿਚਾਰਾਂ ਦੀ ਸਾਂਝ ਪਾਈ। ਇੱਥੇ ਦੀ ਸ਼ਾਂਤੀ ਅੱਜ ਵੀ ਗੁਰੂ ਸਾਹਿਬ ਦੀ ਹਜ਼ੂਰੀ ਦਾ ਅਹਿਸਾਸ ਕਰਾਂਦੀ ਹੈ। ਇਸੇ ਅਸਥਾਨ ਤੇ ਕਸ਼ਮੀਰੀ ਪੰਡਿਤ ਔਰੰਗਜ਼ੇਬ ਦੇ ਜ਼ੁਲਮ ਤੋਂ ਡਰੇ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਫਰਿਆਦ ਲੈ ਕੇ ਆਏ ਸਨ ਕਿ ਮੁਗਲ ਹਾਕਮ ਦੇ ਡਰ ਦੇ ਚਲਦੇ ਕਿਤੇ ਉਹਨਾਂ ਨੂੰ ਆਪਣਾ ਧਰਮ ਤਬਦੀਲ ਨਾ ਕਰਨਾ ਪਵੇ। ਇਸੇ ਅਸਥਾਨ ਤੋਂ ਗੁਰੂ ਸਾਹਿਬ ਨੇ ਇਹ ਫੈਸਲਾ ਲਿਆ ਕਿ ਹੁਣ ਜਾਲਮ ਹਾਕਮ ਦਾ ਟਾਕਰਾ ਕਰਨ ਲਈ ਦੇਸ਼ ਦੇ ਧਰਮ ਨੂੰ ਬਚਾਉਣ ਲਈ ਬਲਦਾਨ ਦੇਣਾ ਪਵੇਗਾ ਤੇ ਉਹ ਦਿੱਲੀ ਦੇ ਚਾਂਦਨੀ ਚੌਂਕ ਹਿੰਦੂ ਧਰਮ ਦੀ ਰਾਖੀ ਲਈ ਆਪਣਾ ਬਲਦਾਨ ਦਿੰਦੇ ਹਨ। ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦ ਦੀ ਚਾਦਰ ਤੇ ਤਿਲਕ ਜੰਜੂ ਦਾ ਰਾਖਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ।
ਗੁਰਦੁਆਰਾ ਜਨਮ ਅਸਥਾਨ ਸਾਹਿਬਜ਼ਾਦੇ ਸਾਹਿਬ : ਗੁਰਦੁਆਰਾ ਗੁਰੂ ਕਾ ਮਹਿਲ ਭੋਰਾ ਸਾਹਿਬ ਦੇ ਕੰਪਲੈਕਸ ਦੇ ਅੰਦਰ ਇੱਕ ਹੋਰ ਗੁਰਦੁਆਰਾ ਸਾਹਿਬ ਮੌਜੂਦ ਹੈ ਜਿਸ ਨੂੰ ਗੁਰਦੁਆਰਾ ਜਨਮ ਅਸਥਾਨ ਸਾਹਿਬਜ਼ਾਦੇ ਸਾਹਿਬ ਆਖਿਆ ਜਾਂਦਾ ਹੈ। ਇਹੀ ਉਹ ਪਵਿੱਤਰ ਥਾਂ ਹੈ ਜਿੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 3 ਸਾਹਿਬਜ਼ਾਦਿਆਂ ਦਾ ਜਨਮ ਹੋਇਆ ਸੀ। ਅੱਗੇ ਚੱਲ ਕੇ ਮੁਗਲ ਹਕੂਮਤ ਨਾਲ ਲੜਦਿਆਂ ਇਹਨਾਂ ਸਾਹਿਬਜ਼ਾਦਿਆਂ ਨੇ ਵੀ ਸ਼ਹਾਦਤਾਂ ਦੇ ਜਾਮ ਪੀਤੇ ਤੇ ਧਰਮ ਦੀ ਰਾਖੀ ਤੇ ਸਿਦਕ ਦੀ ਇੱਕ ਵੱਖਰੀ ਮਿਸਾਲ ਦੁਨੀਆਂ ਵਿੱਚ ਪੇਸ਼ ਕੀਤੀ।
ਮਸੰਦਾਂ ਵਾਲਾ ਖੂਹ : ਗੁਰਦੁਆਰਾ ਗੁਰੂ ਕਾ ਮਹਿਲ ਦੇ ਕੰਪਲੈਕਸ ਵਿੱਚ ‘ਮਸੰਦਾਂ ਵਾਲਾ ਖੂਹ ‘ ਵੀ ਮੌਜੂਦ ਹੈ, ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਦਾ ਇਕ ਇਤਿਹਾਸਕ ਪ੍ਰਤੀਕ ਹੈ। ਕਿਹਾ ਜਾਂਦਾ ਹੈ ਕਿ ਜਦ ਮਸੰਦਾਂ ਨੇ ਧਰਮ ਦੇ ਨਾਮ ਤੇ ਲੋਕਾਂ ਨੂੰ ਕੁਰਾਹੇ ਪਾਇਆ, ਤਾਂ ਗੁਰੂ ਸਾਹਿਬ ਨੇ ਨਿਆਂ ਅਤੇ ਸੱਚਾਈ ਦੀ ਮਿਸਾਲ ਕਾਇਮ ਕੀਤੀ। ਇਹ ਖੂਹ ਉਸ ਸਮੇਂ ਦੀ ਸੱਚਾਈ ਦਾ ਗਵਾਹ ਹੈ।
ਅੱਜ ਇਹ ਸਾਰਾ ਕੰਪਲੈਕਸ ਗੁਰਦੁਆਰਾ ਗੁਰੂ ਕਾ ਮਹੱਲ ਭੌਰਾ ਸਾਹਿਬ ਸਿੱਖ ਇਤਿਹਾਸ ਦੀ ਜੀਵੰਤ ਧਰੋਹਰ ਹੈ। ਇਥੇ ਆ ਕੇ ਮਨ ਸ਼ਾਂਤ ਹੋ ਜਾਂਦਾ ਹੈ, ਜਿਵੇਂ ਸਮਾਂ ਠਹਿਰ ਗਿਆ ਹੋਵੇ, ਤੇ ਹਵਾ ਵਿਚ ਗੁਰੂ ਸਾਹਿਬ ਦੀ ਕਿਰਪਾ ਗੂੰਜ ਰਹੀ ਹੋਵੇ।









