ਅਮਰੀਕਾ ‘ਚ ਡਰਾਈਵਿੰਗ ਸਕਿਲ ਦੇ ਆਧਾਰ ‘ਤੇ ਨੌਕਰੀ ਦੀ ਤਲਾਸ਼ ਵਿੱਚ ਗਏ ਪੰਜਾਬੀ ਜਵਾਨਾਂ ‘ਤੇ ਟਰੰਪ ਸਰਕਾਰ ਨੇ ਸਖ਼ਤੀ ਕਰ ਦਿੱਤੀ ਹੈ। ਹੁਣ ਇੱਥੇ ਟਰੱਕ ਚਲਾਉਣ ਵਾਲੇ ਡਰਾਈਵਰਾਂ ਲਈ ਇੰਗਲਿਸ਼ ਬੋਲਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਅਤੇ ਇਸ ਲਈ ਵੱਖਰੇ ਟੈਸਟ ਵੀ ਲਏ ਜਾ ਰਹੇ ਹਨ। ਪੰਜਾਬ ਦੇ ਟਰੱਕ ਡਰਾਈਵਰਾਂ ਨਾਲ ਹੋਏ ਹਾਦਸਿਆਂ ਤੋਂ ਬਾਅਦ ਟਰੰਪ ਸਰਕਾਰ ਨੇ ਇਹ ਨਵਾਂ ਨਿਯਮ ਲਾਗੂ ਕੀਤਾ ਹੈ। ਪੁਲਿਸ ਰਸਤੇ ‘ਤੇ ਟਰੱਕ ਡਰਾਈਵਰਾਂ ਨੂੰ ਰੋਕ-ਰੋਕ ਕੇ ਇੰਗਲਿਸ਼ ਬੋਲਚਾਲ ਦੇ ਟੈਸਟ ਲੈ ਰਹੀ ਹੈ। ਇਸ ਟੈਸਟ ਵਿੱਚ ਹੁਣ ਤੱਕ ਗੈਰ-ਅਮਰੀਕੀ 7 ਹਜ਼ਾਰ ਤੋਂ ਵੱਧ ਟਰੱਕ ਡਰਾਈਵਰ ਫੇਲ ਹੋ ਚੁੱਕੇ ਹਨ, ਜਿਨ੍ਹਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ ਹਨ।ਇਸ ਵੇਲੇ ਅਮਰੀਕਾ ਵਿੱਚ ਲਗਭਗ 1.50 ਲੱਖ ਪੰਜਾਬੀ ਡਰਾਈਵਰ ਹਨ। ਅਮਰੀਕਾ ਦੇ ਟ੍ਰਾਂਸਪੋਰਟ ਸਕੱਤਰ ਸੀਨ ਡਫ਼ੀ ਦੇ ਮੁਤਾਬਕ, 30 ਅਕਤੂਬਰ ਤੱਕ ਚਲੇ ਇੰਗਲਿਸ਼ ਟੈਸਟਾਂ ‘ਚ ਕਈ ਡਰਾਈਵਰ ਠੀਕ ਤਰ੍ਹਾਂ ਇੰਗਲਿਸ਼ ਨਹੀਂ ਬੋਲ ਸਕੇ, ਜਦਕਿ ਕੁਝ ਇੰਗਲਿਸ਼ ਵਿੱਚ ਲਿਖੇ ਟ੍ਰੈਫ਼ਿਕ ਸਾਈਨਾਂ ਦੇ ਅਰਥ ਵੀ ਨਹੀਂ ਦੱਸ ਸਕੇ।
ਇਹ ਵੀ ਦੱਸਣਯੋਗ ਹੈ ਕਿ ਲਗਾਤਾਰ ਹੋ ਰਹੇ ਹਾਦਸਿਆਂ ਨੂੰ ਦੇਖਦਿਆਂ ਅਮਰੀਕੀ ਸਰਕਾਰ ਨੇ ਲਗਭਗ ਦੋ ਮਹੀਨੇ ਪਹਿਲਾਂ ਭਾਰਤੀ ਡਰਾਈਵਰਾਂ ਦੇ ਵੀਜ਼ਿਆਂ ‘ਤੇ ਰੋਕ ਲਾ ਦਿੱਤੀ ਸੀ। ਇਸ ਬਾਰੇ ਜਾਣਕਾਰੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਆਪਣੇ ਸੋਸ਼ਲ ਮੀਡੀਆ ਖਾਤੇ ‘ਤੇ ਸਾਂਝੀ ਕੀਤੀ ਸੀ।
ਅੰਗ੍ਰੇਜ਼ੀ ਵਿੱਚ ਟ੍ਰੈਫ਼ਿਕ ਸਾਈਨ ਪੜ੍ਹਣਾ ਤੇ ਬੋਲਣਾ ਲਾਜ਼ਮੀ
ਅਮਰੀਕਾ ਦੇ ਟ੍ਰਾਂਸਪੋਰਟ ਸਕੱਤਰ ਸੀਂ ਡਫ਼ੀ ਨੇ ਕਿਹਾ ਕਿ ਅਮਰੀਕੀ ਟ੍ਰਾਂਸਪੋਰਟ ਕਾਨੂੰਨ ਮੁਤਾਬਕ ਹਰ ਟਰੱਕ ਡਰਾਈਵਰ ਲਈ ਅੰਗ੍ਰੇਜ਼ੀ ਵਿੱਚ ਟ੍ਰੈਫ਼ਿਕ ਸਾਈਨ ਪੜ੍ਹਣਾ ਅਤੇ ਬੋਲਣਾ ਜ਼ਰੂਰੀ ਹੈ। ਇਸ ਦੇ ਬਿਨਾ ਕਿਸੇ ਨੂੰ ਲਾਇਸੈਂਸ ਨਹੀਂ ਦਿੱਤਾ ਜਾਂਦਾ। ਓਬਾਮਾ ਸਰਕਾਰ ਦੇ ਦੌਰਾਨ ਇਸ ਨਿਯਮ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਸੀ, ਜਿਸ ਕਰਕੇ ਅੰਗ੍ਰੇਜ਼ੀ ਟੈਸਟ ‘ਚ ਫੇਲ ਡਰਾਈਵਰਾਂ ਨੂੰ ਵੀ ਲਾਇਸੈਂਸ ਜਾਰੀ ਹੋ ਗਏ।
ਸੜਕ ‘ਤੇ ਹੀ ਪੁਲਿਸ ਲੈ ਰਹੀ ਟੈਸਟ
ਡਫ਼ੀ ਨੇ ਦੱਸਿਆ ਕਿ ਅਮਰੀਕਾ ਵਿੱਚ ਵਧ ਰਹੇ ਟਰੱਕ ਹਾਦਸਿਆਂ ਨੂੰ ਦੇਖਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ 25 ਜੂਨ 2025 ਤੋਂ ਅੰਗ੍ਰੇਜ਼ੀ ਟੈਸਟ ਲਾਜ਼ਮੀ ਕਰ ਦਿੱਤਾ। ਨਵੀਂ ਪਾਲਿਸੀ ਦੇ ਤਹਿਤ ਹੁਣ ਅਮਰੀਕੀ ਪੁਲਿਸ ਸਿੱਧੇ ਸੜਕ ‘ਤੇ ਹੀ ਡਰਾਈਵਰਾਂ ਦਾ ਟੈਸਟ ਲੈ ਰਹੀ ਹੈ। ਜੋ ਡਰਾਈਵਰ ਅੰਗ੍ਰੇਜ਼ੀ ਨਹੀਂ ਬੋਲ ਸਕਦੇ, ਉਨ੍ਹਾਂ ਨੂੰ ਤੁਰੰਤ ਟਰੱਕ ਤੋਂ ਉਤਾਰ ਦਿੱਤਾ ਜਾਂਦਾ ਹੈ।
ਕੈਲੀਫੋਰਨੀਆ ‘ਚ ਅੰਗ੍ਰੇਜ਼ੀ ਲਾਜ਼ਮੀ ਨਹੀਂ, ਓਥੋਂ ਹੀ ਬਣ ਰਹੇ ਲਾਇਸੈਂਸ:
ਡਫ਼ੀ ਨੇ ਕਿਹਾ ਕਿ ਅੰਗ੍ਰੇਜ਼ੀ ਬੋਲਣ ਦੀ ਸ਼ਰਤ ਦਾ ਕੈਲੀਫੋਰਨੀਆ ਸੂਬੇ ਨੇ ਵਿਰੋਧ ਕੀਤਾ ਸੀ। ਇੱਥੇ ਕਮਰਸ਼ੀਅਲ ਲਾਇਸੈਂਸ ਲਈ ਅੰਗ੍ਰੇਜ਼ੀ ਲਾਜ਼ਮੀ ਨਹੀਂ ਹੈ। ਹਾਲਾਂਕਿ ਟੈਸਟ ਹੁੰਦਾ ਹੈ, ਪਰ ਜਿਹੜੇ ਥੋੜ੍ਹੀ ਬਹੁਤ ਅੰਗ੍ਰੇਜ਼ੀ ਜਾਣਦੇ ਹਨ, ਉਨ੍ਹਾਂ ਨੂੰ ਵੀ ਲਾਇਸੈਂਸ ਮਿਲ ਜਾਂਦਾ ਹੈ। ਇਸ ਕਰਕੇ ਜ਼ਿਆਦਾਤਰ ਭਾਰਤੀ ਡਰਾਈਵਰ ਇਥੋਂ ਹੀ ਲਾਇਸੈਂਸ ਲੈ ਰਹੇ ਹਨ।
ਟਰੰਪ ਨੇ ਕੈਲੀਫੋਰਨੀਆ ਦਾ ਟ੍ਰਾਂਸਪੋਰਟ ਡਿਵੈਲਪਮੈਂਟ ਫੰਡ ਰੋਕਿਆ
ਕੈਲੀਫੋਰਨੀਆ ਵੱਲੋਂ ਟਰੰਪ ਦੀ ਨਵੀਂ ਸ਼ਰਤ ਨਾ ਮੰਨਣ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਸੂਬੇ ਦਾ ਟ੍ਰਾਂਸਪੋਰਟ ਡਿਵੈਲਪਮੈਂਟ ਫੰਡ ਰੋਕ ਦਿੱਤਾ ਹੈ। ਇੱਕ ਮੀਡੀਆ ਰਿਪੋਰਟ ਮੁਤਾਬਕ, ਅਮਰੀਕਾ ਦੀ ਟਰੱਕ ਚੇਨ ਕੰਪਨੀ ਦੇ ਸੀ.ਈ.ਓ. ਅਡਾਲਬਰਟੋ ਕੈਮਪੇਰੋ ਨੇ ਕਿਹਾ ਕਿ ਟਰੰਪ ਦੇ ਇਸ ਫੈਸਲੇ ਨਾਲ ਲਾਜਿਸਟਿਕ ਸੈਕਟਰ ਨੂੰ ਨੁਕਸਾਨ ਹੋ ਰਿਹਾ ਹੈ।
ਅਮਰੀਕੀ ਟ੍ਰਾਂਸਪੋਰਟ ਇੰਡਸਟਰੀ ‘ਚ 1.50 ਲੱਖ ਪੰਜਾਬੀ ਡਰਾਈਵਰ
2021 ਦੇ ਅੰਕੜਿਆਂ ਮੁਤਾਬਕ ਅਮਰੀਕਾ ‘ਚ ਵਿਦੇਸ਼ੀ ਮੂਲ ਦੇ ਟ੍ਰਾਂਸਪੋਰਟ ਖੇਤਰ (ਟਰੱਕ, ਟੈਕਸੀ, ਬੱਸ ਤੇ ਹੋਰ ਵਾਹਨਾਂ) ਨਾਲ ਜੁੜੇ ਲੋਕਾਂ ਦੀ ਗਿਣਤੀ 7.20 ਲੱਖ ਤੱਕ ਪਹੁੰਚ ਗਈ ਹੈ। ਇਨ੍ਹਾਂ ਵਿੱਚ ਲਗਭਗ ਦੇਢ ਲੱਖ ਡਰਾਈਵਰ ਪੰਜਾਬੀ ਹਨ। ਸਾਲ ਦੀ ਸ਼ੁਰੂਆਤ ‘ਚ ਫਾਇਨੈਂਸ਼ਲ ਕੰਪਨੀ ਆਲਟਲਾਈਨ ਦੀ ਇੱਕ ਰਿਪੋਰਟ ‘ਚ ਕਿਹਾ ਗਿਆ ਸੀ ਕਿ ਅਮਰੀਕਾ ‘ਚ 24 ਹਜ਼ਾਰ ਟਰੱਕ ਡਰਾਈਵਰਾਂ ਦੀ ਕਮੀ ਹੈ। ਇਸ ਘਾਟ ਕਾਰਨ ਸਮਾਨ ਸਮੇਂ ‘ਤੇ ਮੰਜ਼ਿਲ ਤੱਕ ਨਹੀਂ ਪਹੁੰਚਦਾ ਅਤੇ ਮਾਲ ਢੋਆਈ ਉਦਯੋਗ ਨੂੰ ਹਰ ਹਫ਼ਤੇ ਲਗਭਗ 95.5 ਮਿਲੀਅਨ ਡਾਲਰ ਦਾ ਨੁਕਸਾਨ ਝੱਲਣਾ ਪੈਂਦਾ ਹੈ। ਇਸੇ ਕਾਰਨ ਅਮਰੀਕਾ ‘ਚ ਟਰੱਕ ਡਰਾਈਵਰਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ।









