ਪੰਜਾਬ ਸਰਕਾਰ ਵੱਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਅਤੇ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਨੂੰ ਚਲਾਇਆ ਜਾ ਰਿਹਾ ਹੈ। ਇਨ੍ਹਾਂ ਦੋਵੇ ਸਰਕਾਰੀ ਥਰਮਲ ਪਲਾਂਟਾਂ ਵਿਖੇ ਬਿਜਲੀ ਪੈਦਾ ਕਰਨ ਲਈ ਪ੍ਰਾਈਵੇਟ ਕੋਲੇ ਦੀ ਖਾਨ ਤੋਂ ਕੋਲਾ ਖਰੀਦਣ ਦੀ ਥਾਂ ‘ਤੇ ਪੰਜਾਬ ਸਰਕਾਰ ਦੀ ਆਪਣੀ ਸਰਕਾਰੀ ਪਛਵਾੜਾ, ਝਾਰਖੰਡ ਤੋਂ ਕੋਲਾ ਲਿਆਂਦਾ ਜਾ ਰਿਹਾ ਹੈ।
ਇਸ ਕੋਲੇ ਦੀ ਸਪਲਾਈ ਹੋਣ ਤੋਂ ਬਾਅਦ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਪੰਜਾਬ ਸਰਕਾਰ ਨੂੰ ਬਿਜਲੀ ਪੈਦਾ ਕਰਨ ਵਿੱਚ ਵੱਡੇ ਪੱਧਰ ‘ਤੇ ਫਾਇਦਾ ਹੋਏਗਾ ਅਤੇ ਸਰਕਾਰ ਦੇ ਦੋਵੇ ਥਰਮਲ ਪਲਾਂਟ ਵੱਡੇ ਮੁਨਾਫ਼ੇ ਵਿੱਚ ਵੀ ਚਲੇ ਜਾਣਗੇ ਪਰ ਦੋਵਾਂ ਸਰਕਾਰੀ ਪਲਾਂਟਾਂ ਵਿੱਚ ਵੱਖਰੀ ਹੀ ‘ਕਾਲੀ ਖੇਡ’ ਖੇਡੀ ਜਾ ਰਹੀ ਸੀ, ਜਿਸ ਕਾਰਨ ਦੋਵਾਂ ਬਿਜਲੀ ਘੱਟ ਰੇਟ ‘ਤੇ ਪੈਦਾ ਹੋਣ ਦੀ ਥਾਂ ‘ਤੇ 75 ਪੈਸੇ ਤੋਂ ਲੈ ਕੇ 1 ਰੁਪਏ 25 ਪੈਸੇ ਪ੍ਰਤੀ ਯੂਨਿਟ ਮਹਿੰਗੀ ਬਿਜਲੀ ਪੈਦਾ ਕੀਤੀ ਜਾ ਰਹੀ ਸੀ।
ਪਛਵਾੜਾ ਕੋਲੇ ਦੀ ਆਪਣੀ ਖਾਨ ਹੋਣ ਦੇ ਬਾਵਜੂਦ ਦੋਵੇਂ ਪਲਾਂਟ ਮਹਿੰਗੀ ਬਿਜਲੀ ਪੈਦਾ ਕਰ ਰਹੇ ਸਨ। ਇਸ ਕਾਲੀ ਖੇਡ ਬਾਰੇ ਜਾਣਕਾਰੀ ਬਾਹਰ ਆਉਂਦੇ ਦੇਖ ਪਾਵਰਕੌਮ ਦੇ ਉੱਚ ਅਧਿਕਾਰੀਆਂ ਨੇ ਇਸ ਘਪਲੇ ਤੋਂ ਖ਼ੁਦ ਨੂੰ ਬਾਹਰ ਕਰਦੇ ਹੋਏ ਦੋਵਾਂ ਥਰਮਲ ਪਲਾਂਟ ਦੇ ਮੁੱਖ ਇੰਜੀਨੀਅਰ ਹਰੀਸ਼ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (PSPCL) ਨੇ ਰੋਪੜ ਅਤੇ ਗੋਇੰਦਵਾਲ ਸਾਹਿਬ ਦੇ ਥਰਮਲ ਪਾਵਰ ਪਲਾਂਟਾਂ ਦੇ ਮੁੱਖ ਇੰਜੀਨੀਅਰ ਹਰੀਸ਼ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਦੋਹਾਂ ਸਰਕਾਰੀ ਪਲਾਂਟਾਂ ਵਿੱਚ ਇੰਧਣ ਦੀ ਲਾਗਤ ਨਿੱਜੀ ਪਲਾਂਟਾਂ ਨਾਲੋਂ ਵੱਧ ਪਾਈ ਗਈ, ਜਿਸ ਕਾਰਨ ਵਿਭਾਗ ਨੂੰ ਕਈ ਕਰੋੜ ਰੁਪਏ ਦਾ ਨੁਕਸਾਨ ਹੋਇਆ।









