ਲੁਧਿਆਣਾ ’ਚ ਪਰਾਲੀ ਸਾੜਨ ਕਾਰਨ ਹਵਾ ਪ੍ਰਦੂਸ਼ਣ ’ਚ ਵਾਧਾ, ਸਿਹਤ ਵਿਭਾਗ ਨੇ ਜਾਰੀ ਕੀਤੀ ਲੋਕਾਂ ਲਈ ਚਿਤਾਵਨੀ

0
9206
Air pollution increases due to stubble burning in Ludhiana, health department issues warning to people

ਪਰਾਲੀ ਸਾੜਨ ਦਾ ਸੀਜ਼ਨ ਸ਼ੁਰੂ ਹੋਣ ਨਾਲ ਲੁਧਿਆਣਾ ਜ਼ਿਲ੍ਹੇ ਵਿੱਚ ਘਣੀ ਧੁੰਦ ਤੇ ਹਵਾ ਦੀ ਗੁਣਵੱਤਾ ਵਿੱਚ ਤੇਜ਼ ਗਿਰਾਵਟ ਦੇਖੀ ਜਾ ਰਹੀ ਹੈ। ਇਸ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਚਿਤਾਵਨੀ ਦਿੱਤੀ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਸਿਹਤ ਨਾਲ ਜੁੜੇ ਗੰਭੀਰ ਖਤਰੇ ਵਧ ਰਹੇ ਹਨ ਅਤੇ ਸਾਰੇ ਨਿਵਾਸੀਆਂ ਨੂੰ ਸੁਰੱਖਿਆ ਉਪਾਅ ਅਪਣਾਉਣ ਦੀ ਅਪੀਲ ਕੀਤੀ ਹੈ।

ਪਰਾਲੀ ਸਾੜਨ ਨਾਲ ਹਵਾ ਵਿੱਚ ਖਤਰਨਾਕ ਧੂੜ ਕਣ (PM2.5, PM10) ਅਤੇ ਜ਼ਹਿਰੀਲੀ ਗੈਸਾਂ ਛੱਡੀਆਂ ਜਾਂਦੀਆਂ ਹਨ, ਜਿਨ੍ਹਾਂ ਕਾਰਨ ਧੁੰਦ  ਵੱਧਦੀ ਹੈ ਅਤੇ ਵਿਖਣਯੋਗਤਾ ਘਟਦੀ ਹੈ। ਇਸ ਨਾਲ ਸਾਹ ਲੈਣ ਵਿਚ ਤਕਲੀਫ਼, ਅੱਖਾਂ ਤੇ ਗਲੇ ਵਿਚ ਜਲਨ, ਦਮ ਦੇ ਦੌਰੇ ਅਤੇ ਲੰਬੇ ਸਮੇਂ ਵਾਲੀਆਂ ਬਿਮਾਰੀਆਂ ਜਿਵੇਂ ਕਿ ਸੀਓਪੀਡੀ (COPD) ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਬੀਮਾਰ ਲੋਕਾਂ ਲਈ ਵੱਧ ਜਾਂਦਾ ਹੈ।

ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਰਕਾਰੀ ਐਪ ਅਤੇ ਵੈੱਬਸਾਈਟਾਂ ਰਾਹੀਂ ਹਵਾ ਗੁਣਵੱਤਾ ਸੂਚਕਾਂਕ (AQI) ਨੂੰ ਨਿਯਮਿਤ ਤੌਰ ’ਤੇ ਚੈੱਕ ਕਰਨ। ਜਦੋਂ ਹਵਾ ਦੀ ਗੁਣਵੱਤਾ ਖਰਾਬ ਜਾਂ ਬਹੁਤ ਖਰਾਬ ਹੋਵੇ, ਖਾਸ ਕਰਕੇ ਸਵੇਰੇ ਅਤੇ ਸ਼ਾਮ ਦੇ ਸਮੇਂ, ਬਾਹਰਲੇ ਸਰੀਰਕ ਕਿਰਿਆ-ਕਲਾਪਾਂ ਤੋਂ ਬਚਣਾ ਚਾਹੀਦਾ ਹੈ। ਧੁੰਦ ਵਾਲੇ ਸਮੇਂ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖੋ ਅਤੇ ਜੇ ਲੋੜ ਹੋਵੇ ਤਾਂ ਦੁਪਹਿਰ ਵੇਲੇ ਹੀ ਹਵਾ ਆਉਣ ਦਿਓ।

ਕੋਈ ਵੀ ਕੂੜਾ, ਪੱਤੇ ਜਾਂ ਹੋਰ ਸਮੱਗਰੀ ਨਾ ਸਾੜੋ ਅਤੇ ਸਿਰਫ਼ ਸਾਫ਼ ਇੰਧਨ ਹੀ ਰਸੋਈ ਅਤੇ ਹੀਟਿੰਗ ਲਈ ਵਰਤੋ। ਅੱਖਾਂ ਨੂੰ ਵਾਰ-ਵਾਰ ਧੋਵੋ, ਗੁੰਨਗੁਨੇ  ਪਾਣੀ ਨਾਲ ਕੁੱਲ੍ਹਾ ਕਰੋ, ਪੋਸ਼ਣ ਵਾਲਾ ਭੋਜਨ ਖਾਓ ਅਤੇ ਪਾਣੀ ਵੱਧ ਪੀਓ। ਦਮ ਜਾਂ ਦਿਲ ਦੀ ਬਿਮਾਰੀ ਵਾਲੇ ਲੋਕ ਘਰਾਂ ਅੰਦਰ ਹੀ ਰਹਿਣ ਦੀ ਕੋਸ਼ਿਸ਼ ਕਰਨ ਅਤੇ ਆਪਣੀਆਂ ਦਵਾਈਆਂ ਆਪਣੇ ਨਾਲ ਰੱਖਣ।

ਜੇਕਰ ਮਾਸਕ ਪਹਿਨਣਾ ਹੋਵੇ ਤਾਂ ਸਿਰਫ਼ ਪ੍ਰਮਾਣਿਤ N95 ਜਾਂ N99 ਮਾਸਕ ਹੀ ਹਵਾ ਪ੍ਰਦੂਸ਼ਣ ਤੋਂ ਬਚਾਵ ਦੇ ਸਕਦੇ ਹਨ। ਕਪੜੇ ਜਾਂ ਕਾਗਜ਼ ਵਾਲੇ ਮਾਸਕ ਕਿਸੇ ਤਰ੍ਹਾਂ ਦੀ ਸੁਰੱਖਿਆ ਨਹੀਂ ਦਿੰਦੇ। ਜੇਕਰ ਸਾਹ ਲੈਣ ਵਿਚ ਮੁਸ਼ਕਲ, ਭਾਰੀ ਖੰਘ ਜਾਂ ਛਾਤੀ ਵਿਚ ਦਰਦ ਹੋਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲਓ।

ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਸਿਵਲ ਸਰਜਨ ਦਫ਼ਤਰ ਵੱਲੋਂ ਪ੍ਰਦੂਸ਼ਣ ਨਾਲ ਜੁੜੀਆਂ ਬਿਮਾਰੀਆਂ ਦੀ ਨਿਗਰਾਨੀ ਤੇਜ਼ ਕਰ ਦਿੱਤੀ ਗਈ ਹੈ ਅਤੇ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਐਮਰਜੈਂਸੀ ਸਹਾਇਤਾ ਸੇਵਾਵਾਂ ਸਥਾਪਤ ਕੀਤੀਆਂ ਗਈਆਂ ਹਨ। “ਅਸੀਂ ਸਾਰੇ ਨਿਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਸਲਾਹਨਾਮੇ ਦੀ ਪਾਲਣਾ ਕਰੋ ਅਤੇ ਕਿਸੇ ਵੀ ਲੱਛਣ ਦੇ ਮਾਮਲੇ ਵਿੱਚ ਤੁਰੰਤ ਇਲਾਜ ਲਈ ਸੰਪਰਕ ਕਰੋ ।

ਸਿਹਤ ਵਿਭਾਗ ਨੇ ਕਿਹਾ ਹੈ ਕਿ ਸਾਫ਼ ਹਵਾ ਸਿਰਫ਼ ਸਰਕਾਰ ਨਹੀਂ, ਸਗੋਂ ਸਾਰੇ ਨਾਗਰਿਕਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਵਿਭਾਗ ਨੇ ਕਿਸਾਨਾਂ, ਨਾਗਰਿਕਾਂ ਅਤੇ ਸਥਾਨਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਖੁੱਲ੍ਹੇ ਵਿੱਚ ਸਾੜਨ ਤੋਂ ਬਚਣ ਅਤੇ ਲੁਧਿਆਣਾ ਨੂੰ ਸਿਹਤਮੰਦ ਅਤੇ ਪ੍ਰਦੂਸ਼ਣ-ਰਹਿਤ ਬਣਾਉਣ ਲਈ ਸਾਫ਼ ਹਵਾ ਮੁਹਿੰਮਾਂ ਵਿੱਚ ਹਿੱਸਾ ਲੈਣ।

 

LEAVE A REPLY

Please enter your comment!
Please enter your name here