ਪੰਜਾਬ ਰਾਜ ਦੀਵਾਲੀ ਬੰਪਰ ਲਾਟਰੀ 2025 ਦਾ 11 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਾਲਾ ਵਿਜੇਤਾ ਆਖ਼ਿਰਕਾਰ ਚਾਰ ਦਿਨਾਂ ਬਾਅਦ ਮਿਲ ਹੀ ਗਿਆ ਹੈ। ਅਮਿਤ ਸੇਹਰਾ ਰਾਜਸਥਾਨ ਦੇ ਜੈਪੁਰ ਵਿੱਚ ਫਲ -ਸਬਜ਼ੀ ਵੇਚ ਕੇ ਗੁਜ਼ਾਰਾ ਕਰਦਾ ਹੈ। ਮੰਗਲਵਾਰ ਨੂੰ ਉਹ ਲਾਟਰੀ ਦਾ ਦਾਅਵਾ ਕਰਨ ਲਈ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਚੰਡੀਗੜ੍ਹ ਸਥਿਤ ਪੰਜਾਬ ਰਾਜ ਲਾਟਰੀ ਦਫ਼ਤਰ ਪਹੁੰਚਿਆ ਹੈ। ਅਮਿਤ ਨੇ ਕਿਹਾ, “ਮੈਂ ਗਲੀਆਂ ਵਿੱਚ ਆਲੂ ਅਤੇ ਟਮਾਟਰ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹਾਂ।
ਮੀਡਿਆ ਨਾਲ ਗੱਲਬਾਤ ਕਰਦਿਆਂ ਅਮਿਤ ਸੇਹਰਾ ਭਾਵੁਕ ਹੋ ਗਿਆ ਕਿ ਮੇਰੇ ਕੋਲ ਬੱਸ ਕਿਰਾਏ ਲਈ ਵੀ ਪੈਸੇ ਨਹੀਂ ਸਨ। ਮੈਂ ਆਪਣੇ ਪਿੰਡ ਕੁੱਝ ਲੋਕਾਂ ਤੋਂ ਪੈਸੇ ਮੰਗੇ ਤਾਂ ਉਨ੍ਹਾਂ ਨੇ ਮੇਰਾ ਮਜ਼ਾਕ ਉਡਾਇਆ ਵੀ ਤੇਰੀ ਨਿਕਲੂ 11 ਕਰੋੜ ਦੀ ਲਾਟਰੀ। ਅਮਿਤ ਨੇ ਕਿਹਾ ਕਿ ਮੈਂ ਬਹੁਤ ਹੀ ਛੋਟਾਂ ਕੰਮ ਕਰਦਾ ਹਾਂ। ਮੈਂ ਬਜ਼ਾਰ ਵਿੱਚ ਰੇਹੜੀ ਲਗਾਉਂਦਾ ਹਾਂ ਅਤੇ ਸਬਜ਼ੀ ਵੇਚਦਾ ਹਾਂ। ਸਭ ਤੋਂ ਪਹਿਲਾਂ ਮੈਂ ਆਪਣੇ ਦੋਸਤ ਨੂੰ ਇੱਕ ਕਰੋੜ ਰੁਪਏ ਦੇਵਾਂਗਾ। ਮੈਂ ਆਪਣਾ ਵਾਅਦਾ ਸਭ ਤੋਂ ਪਹਿਲਾਂ ਪੂਰਾ ਕਰਾਂਗੇ ਫਿਰ ਆਪਣੇ ਪਰਿਵਾਰ ਬਾਰੇ ਸੋਚਾਂਗਾ। ਮੇਰੇ ਦੋਸਤ ਦੀਆਂ ਧੀਆਂ ਮੇਰੀਏ ਧੀਆਂ ਹਨ।
ਅਮਿਤ ਨੇ ਦੱਸਿਆ ਕਿ ਮੈਂ ਕੋਟਪੁਤਲੀ ਰਾਜਸਥਾਨ ਦਾ ਰਹਿਣ ਵਾਲਾ ਹਾਂ। ਮੈਂ ਆਪਣੇ ਦੋਸਤ ਮੁਕੇਸ਼ ਨਾਲ ਤਾਊ ਕੋਲ ਮੋਗਾ ਆਇਆ ਸੀ। ਅਸੀਂ ਮੋਗਾ ਪਹੁੰਚਣ ਤੋਂ ਪਹਿਲਾਂ ਰਸਤੇ ਵਿੱਚ ਚਾਹ ਪੀਣ ਲਈ ਬਠਿੰਡਾ ਰੁਕੇ ਸੀ। ਮੇਰੇ ਦੋਸਤ ਮੁਕੇਸ਼ ਵੀ ਮੇਰੇ ਨਾਲ ਸੀ। ਉਸਨੇ ਮੈਨੂੰ ਕਿਹਾ ਕਿ ਰਤਲ ਲਾਟਰੀ ਏਜੰਸੀ ਤੋਂ ਮੈਂ ਕਈ ਵਾਰ ਟਿਕਟ ਖਰੀਦੀ ਹੈ ਪਰ ਮੇਰੇ ਛੋਟੇ ਇਨਾਮ ਨਿਕਲੇ ਹਨ। ਮੇਰੀ ਕਿਸਮਤ ਮੇਰਾ ਸਾਥ ਨਹੀਂ ਦੇ ਰਹੀ ਹੈ।
ਮੁਕੇਸ਼ ਨੇ ਕਿਹਾ ਕਿ ਅਮਿਤ ਤੂੰ ਭਗਤੀ -ਪੂਜਾ ਪਾਠ ਕਰਨ ਵਾਲਾ ਹੈ, ਇਸ ਵਾਰ ਤੂੰ ਲਾਟਰੀ ਦੀ ਟਿਕਟ ਖਰੀਦ ਕੇ ਆਪਣੀ ਕਿਸਮਤ ਅੰਜ਼ਮਾ ਕੇ ਦੇਖ। ਮੈਂ ਮੁਕੇਸ਼ ਨੂੰ ਕਿਹਾ ਸੀ ਕਿ ਜੇਕਰ ਮੇਰੇ 11 ਕਰੋੜ ਨਿਕਲ ਗਏ ਤਾਂ ਇੱਕ ਕਰੋੜ ਮੈਂ ਤੇਰੀਆਂ ਧੀਆਂ ਨੂੰ ਦੇਵਾਂਗਾ। ਮੈਂ 2 ਟਿਕਟਾਂ ਖਰਦੀਆਂ ਸਨ, ਇੱਕ ਮੈਂ ਆਪਣੇ ਅਤੇ ਦੂਜੀ ਆਪਣੀ ਪਤਨੀ ਦੇ ਨਾਂ ਉੱਤੇ ਟਿਕਟ ਖਰੀਦੀ ਸੀ। ਮੇਰੇ ਪਤਨੀ ਦੇ ਨਾਂ ਵਾਲੀ ਟਿਕਟ ਉੱਤੇ ਵੀ ਇੱਕ ਹਜ਼ਾਰ ਰੁਪਏ ਦਾ ਇਨਾਮ ਨਿਕਲਿਆ ਹੈ। ਸਾਡਾ ਕੁੱਲ 11 ਕਰੋੜ 1 ਹਜ਼ਾਰ ਰੁਪਏ ਦਾ ਇਨਾਮ ਨਿਕਲਿਆ ਹੈ।
ਅਮਿਤ ਨੇ ਦੱਸਿਆ ਕਿ ਮੇਰੇ ਕੋਲ ਤਾਂ ਟਿਕਟ ਖਰੀਦਣ ਲਈ ਵੀ ਪੈਸੈ ਨਹੀਂ ਸਨ ,ਮੈਂ ਟਿਕਟਾਂ ਲਈ ਹਜ਼ਾਰ ਰੁਪਏ ਵੀ ਆਪਣੇ ਦੋਸਤ ਮੁਕੇਸ਼ ਤੋਂ ਉਧਾਰੇ ਲਏ ਸੀ। 31 ਅਕਤੂਬਰ ਨੂੰ ਲਾਟਰੀ ਦਾ ਰਿਜਲਟ ਆਇਆ ਸੀ ਪਰ ਮੇਰਾ ਫੋਨ ਖਰਾਬ ਹੋ ਗਿਆ ਸੀ ਅਤੇ ਮੈਨੂੰ ਕੁੱਝ ਪਤਾ ਨਹੀਂ ਸੀ। ਫਿਰ ਮੇਰਾ ਮੁਕੇਸ਼ ਮੇਰੇ ਘਰ ਆਇਆ ਅਤੇ ਉਸ ਨੇ ਦੱਸਿਆ ਕਿ ਤੇਰਾ 11 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ।









