ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਵਿਖੇ ਸੁਰੱਖਿਆ ਡਿਊਟੀ ’ਤੇ ਤਾਇਨਾਤ ਪੰਜਾਬ ਪੁਲਿਸ ਦੇ ਜਵਾਨ ਸੀਨੀਅਰ ਕਾਂਸਟੇਬਲ ਬਲਜੀਤ ਸਿੰਘ (36) ਦੀ ਮੌਤ ਮਾਮਲੇ ‘ਚ ਵੱਡਾ ਮੋੜ ਆਇਆ ਹੈ। ਕਾਂਸਟੇਬਲ ਬਲਜੀਤ ਸਿੰਘ ਦੀ ਪਹਿਲਾਂ ਦਿਲ ਦਾ ਦੌਰਾ ਪੈਣ ਨਾਲ ਦੱਸੀ ਜਾ ਰਹੀ ਸੀ। ਇਸ ਘਟਨਾ ਨੂੰ ਹੁਣ ਖੁਦਕੁਸ਼ੀ ਮੰਨਿਆ ਗਿਆ ਹੈ। ਮ੍ਰਿਤਕ ਵੱਲੋਂ ਛੱਡੇ ਹੱਥ-ਲਿਖਤ ਨੋਟ ਨੇ ਪਰਿਵਾਰਕ ਝਗੜੇ ਦੀ ਗਹਿਰੀ ਪਰਤ ਖੋਲ੍ਹ ਦਿੱਤੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਉਸ ਦੀ ਪਤਨੀ ਦਲਜੀਤ ਕੌਰ ਅਤੇ ਸੱਸ ਲਖਵਿੰਦਰ ਕੌਰ ਵਿਰੁੱਧ ਆਤਮ ਹੱਤਿਆ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ।
ਫਿਰੋਜ਼ਪੁਰ ਜ਼ਿਲ੍ਹੇ ਦੀ ਤਹਿਸੀਲ ਜ਼ੀਰਾ ਅਧੀਨ ਪੈਂਦੇ ਪਿੰਡ ਬੰਡਾਲਾ ਨੌ ਬੰਬ ਦੇ ਵਸਨੀਕ ਬਲਜੀਤ ਸਿੰਘ ਨੇ ਆਪਣੇ ਸੁਸਾਈਡ ਨੋਟ ਵਿੱਚ ਸਾਫ਼ ਤੌਰ ’ਤੇ ਪਤਨੀ ਅਤੇ ਸੱਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਨੋਟ ਅਨੁਸਾਰ ਪਿਛਲੇ ਚਾਰ ਸਾਲਾਂ ਤੋਂ ਦਲਜੀਤ ਕੌਰ ਆਪਣੇ ਪੁੱਤਰ ਅਰਪਨਜੋਤ ਸਿੰਘ ਸੰਧੂ ਨੂੰ ਲੈ ਕੇ ਉੱਤਰਾਖੰਡ ਦੇ ਜ਼ਿਲ੍ਹਾ ਹਰਿਦੁਆਰ ਵਿੱਚ ਸਥਿਤ ਪਿੰਡ ਆਲਾਵਾਲਾ ਵਿਖੇ ਰਹਿ ਰਹੀ ਹੈ।
ਬਲਜੀਤ ਨੇ ਲਿਖਿਆ ਕਿ ਉਹ ਕਈ ਵਾਰ ਖੁਦ ਅਤੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਗਿਆ ਪਰ ਉਨ੍ਹਾਂ ਨੇ ਪੁੱਤਰ ਨੂੰ ਮਿਲਣ ਨਹੀਂ ਦਿੱਤਾ ਅਤੇ ਸਿਰਫ਼ ਪਰੇਸ਼ਾਨ ਕਰਨ ਦਾ ਕੰਮ ਕੀਤਾ। ਇਸ ਨਿਰੰਤਰ ਮਾਨਸਿਕ ਤਸੀਹੇ ਨੇ ਉਸ ਨੂੰ ਡਿਊਟੀ ਦੌਰਾਨ ਇਹ ਖੌਫ਼ਨਾਕ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਨੋਟ ਮਿਲਣ ਤੋਂ ਬਾਅਦ ਪੁਲੀਸ ’ਤੇ ਕਾਰਵਾਈ ਦਾ ਦਬਾਅ ਪਾਇਆ।
ਮਾਤਾ ਚਰਨਜੀਤ ਕੌਰ ਦੇ ਬਿਆਨਾਂ ਤੋਂ ਬਾਅਦ ਥਾਣਾ ਸੁਧਾਰ ਦੀ ਪੁਲਸ ਨੇ ਮੁਲਜ਼ਮਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਦੇ ਹੋਏ ਐੱਫਆਈਆਰ ਦਰਜ ਕਰ ਲਈ ਹੈ। ਥਾਣਾ ਮੁਖੀ ਸੁਧਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮਾਂ ਨੂੰ ਉੱਤਰਾਖੰਡ ਭੇਜਿਆ ਜਾ ਰਿਹਾ ਹੈ। ਪੁਲੀਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ।









