ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਲਏ ਗਏ ਅਹਿਮ ਫ਼ੈਸਲੇ, BBMB ‘ਚ ਕਰਮਚਾਰੀਆਂ ਦੀ ਭਰਤੀ ਲਈ ਇੱਕ ਵੱਖਰਾ ਕਾਡਰ ਬਣਾਉਣ ਦਾ ਲਿਆ ਫੈਸਲਾ

0
10006
ਪੰਜਾਬ ਕੈਬਨਿਟ ਦੀ ਮੀਟਿੰਗ 'ਚ ਲਏ ਗਏ ਅਹਿਮ ਫ਼ੈਸਲੇ, BBMB 'ਚ ਕਰਮਚਾਰੀਆਂ ਦੀ ਭਰਤੀ ਲਈ ਇੱਕ ਵੱਖਰਾ ਕਾਡਰ ਬਣਾਉਣ ਦਾ ਲਿਆ ਫੈਸਲਾ

ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਅੱਜ ਕਈ ਅਹਿਮ ਫ਼ੈਸਲੇ ਲਏ ਗਏ ਹਨ। ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕਈ ਅਹਿਮ ਫੈਸਲਿਆਂ ਦੀ ਜਾਣਕਾਰੀ ਦਿੱਤੀ ਹੈ।

ਰੁਜ਼ਗਾਰ ਅਤੇ ਨਵੀਆਂ ਅਸਾਮੀਆਂ

BBMB ਲਈ ਵੱਖਰਾ ਕਾਡਰ: ਚੀਮਾ ਨੇ ਦੱਸਿਆ ਕਿ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਵਿੱਚ ਕਰਮਚਾਰੀਆਂ ਦੀ ਭਰਤੀ ਲਈ ਇੱਕ ਵੱਖਰਾ ਕਾਡਰ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਨਾਲ ਉਹ 3,000 ਦੇ ਕਰੀਬ ਕਰਮਚਾਰੀ ਪ੍ਰਭਾਵਿਤ ਨਹੀਂ ਹੋਣਗੇ ਜੋ ਪਹਿਲਾਂ ਡੈਪੂਟੇਸ਼ਨ ‘ਤੇ ਜਾਂਦੇ ਸਨ ਅਤੇ ਫਿਰ ਵਾਪਸ ਆ ਜਾਂਦੇ ਸਨ, ਜਿਸ ਨਾਲ ਦੂਜੇ ਰਾਜਾਂ ਦੇ ਲੋਕ ਖਾਲੀ ਪੋਸਟਾਂ ‘ਤੇ ਆ ਜਾਂਦੇ ਸਨ। ਹੁਣ ਵੱਖਰੇ ਕਾਡਰ ਰਾਹੀਂ ਪੋਸਟਾਂ ਸਬੰਧਤ ਵਿਭਾਗਾਂ ਵਿੱਚ ਭਰੀਆਂ ਜਾਣਗੀਆਂ।

ਮਲੇਰਕੋਟਲਾ: ਨਵੇਂ ਬਣੇ ਮਲੇਰਕੋਟਲਾ ਜ਼ਿਲ੍ਹੇ ਵਿੱਚ ਖੇਡ ਵਿਭਾਗ ਦੀਆਂ 3 ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਸਹਿਕਾਰਤਾ ਵਿਭਾਗ: ਸਹਿਕਾਰਤਾ ਵਿਭਾਗ ਵਿੱਚ ਰਜਿਸਟਰਾਰ ਅਤੇ ਉਪ-ਰਜਿਸਟਰਾਰ ਸਮੇਤ 11 ਨਵੀਆਂ ਪੋਸਟਾਂ ਸਿਰਜੀਆਂ ਗਈਆਂ ਹਨ।

ਦੋਰਾਹਾ CHCC ਹਸਪਤਾਲ: ਦੋਰਾਹਾ ਦੇ ਕਮਿਊਨਿਟੀ ਹੈਲਥ ਕੇਅਰ ਸੈਂਟਰ (CHCC) ਹਸਪਤਾਲ ਵਿੱਚ 51 ਨਵੀਆਂ ਅਸਾਮੀਆਂ ਬਣਾਈਆਂ ਗਈਆਂ ਹਨ।

ਡੈਂਟਲ ਟੀਚਿੰਗ ਫੈਕਲਟੀ: ਡੈਂਟਲ ਟੀਚਿੰਗ ਫੈਕਲਟੀ ਦੀ ਸੇਵਾਮੁਕਤੀ ਦੀ ਉਮਰ 62 ਸਾਲ ਤੋਂ ਵਧਾ ਕੇ 65 ਸਾਲ ਕੀਤੀ ਗਈ ਹੈ, ਜਿਸ ਨਾਲ ਤਜਰਬੇਕਾਰ ਪ੍ਰੋਫੈਸਰਾਂ ਦੀਆਂ ਸੇਵਾਵਾਂ ਲੰਬੇ ਸਮੇਂ ਲਈ ਮਿਲ ਸਕਣਗੀਆਂ।

CDPO ਅਸਾਮੀਆਂ: ਬਾਲ ਵਿਕਾਸ ਪ੍ਰੋਜੈਕਟ ਅਫਸਰ (CDPO) ਦੀਆਂ 16 ਅਸਾਮੀਆਂ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ, ਜਿਨ੍ਹਾਂ ਨੂੰ ਜਲਦ ਹੀ ਭਰਿਆ ਜਾਵੇਗਾ।

ਐਡੀਸ਼ਨਲ ਫੈਮਿਲੀ ਜੱਜ ਕੋਰਟ: ਐਡੀਸ਼ਨਲ ਫੈਮਿਲੀ ਜੱਜ ਕੋਰਟ ਲਈ 6 ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਉਦਯੋਗ ਅਤੇ ਰਿਹਾਇਸ਼ੀ ਵਿਕਾਸ

ਪਲਾਟਾਂ ਦੀ ਵੰਡ: ਇੰਡਸਟਰੀ ਵਿਭਾਗ ਅਤੇ ਹਾਊਸਿੰਗ ਵਿਭਾਗ ਦੀ ਖੋਜ ਅਧੀਨ, IBC ਵਿਭਾਗ ਦੇ ਪਲਾਟਾਂ ਦੀ ਵੰਡ ਨਾਲ ਸਬੰਧਤ ਇੱਕ ਅਧੂਰੇ ਫੈਸਲੇ ਨੂੰ ਪੂਰਾ ਕੀਤਾ ਗਿਆ ਹੈ। ਹੁਣ ਗਾਮੜ ਜਲਦ ਜਾਂ ਪੁੱਡਾ ਜੋ ਇੰਡਸਟਰੀ ਪਾਰਕ ਕੱਟਦੇ ਹਨ, ਉਹ ਆਪਣੇ ਪਲਾਟਾਂ ਨੂੰ ਵੰਡ ਸਕਦੇ ਹਨ, ਪਰ ਛੋਟੇ ਤੋਂ ਛੋਟਾ ਪਲਾਟ 500 ਵਰਗ ਗਜ਼ ਤੋਂ ਘੱਟ ਨਹੀਂ ਹੋਵੇਗਾ। ਵੰਡ ਸਮੇਂ ਸਰਕਾਰ ਨੂੰ 50 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਅਦਾ ਕਰਨੇ ਪੈਣਗੇ।

ਲੋਅ ਇਮਪੈਕਟ ਪ੍ਰਾਪਰਟੀ: ਲੋਅ ਇਮਪੈਕਟ ਡੀ-ਲਿਸਟਿਡ ਪ੍ਰਾਪਰਟੀਜ਼ ਨੂੰ ਅਨੁਮਤੀ ਦਿੱਤੀ ਗਈ ਹੈ ਕਿ ਜੇਕਰ 4000 ਸਕੁਏਰ ਫੁੱਟ (444.44 ਵਰਗ ਗਜ਼) ਜਗ੍ਹਾ ਹੈ, ਤਾਂ ਉਹ 400 ਵਰਗ ਗਜ਼ ਵਿੱਚ ਘਰ ਬਣਾ ਸਕਦੇ ਹਨ। ਬਾਕੀ ਸ਼ਰਤਾਂ ਲਾਗੂ ਰਹਿਣਗੀਆਂ।

ਸਮਾਜਿਕ ਸੁਰੱਖਿਆ ਅਤੇ ਵਿਕਾਸ

ਟਰਾਂਸਜੈਂਡਰ ਨਿਯਮ: ਸਮਾਜਿਕ ਸੁਰੱਖਿਆ ਬਾਲ ਵਿਕਾਸ ਅਧੀਨ, ਟਰਾਂਸਜੈਂਡਰ ਦੇ ਸਾਰੇ ਮਾਮਲਿਆਂ ਅਤੇ ਉਨ੍ਹਾਂ ਨਾਲ ਸਬੰਧਤ ਨਿਯਮ ਬਣਾਏ ਜਾਣਗੇ।

ਸੈਨੇਟਰੀ ਨੈਪਕਿਨ: ਸਰਕਾਰ 53 ਕਰੋੜ ਰੁਪਏ ਦੀ ਲਾਗਤ ਨਾਲ ਆਂਗਣਵਾੜੀ ਰਾਹੀਂ ਗਰੀਬ ਬੱਚੀਆਂ ਨੂੰ ਸੈਨੇਟਰੀ ਨੈਪਕਿਨ ਮੁਹੱਈਆ ਕਰਵਾਏਗੀ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਸੈਸ਼ਨ

ਵਿਸ਼ੇਸ਼ ਸੈਸ਼ਨ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਸ਼ਨ 24 ਨਵੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਆਯੋਜਿਤ ਕੀਤਾ ਜਾਵੇਗਾ। ਚੀਮਾ ਨੇ ਦੱਸਿਆ ਕਿ ਇਸ ਦੌਰਾਨ ਸਿਰਫ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸਬੰਧਤ ਵਿਚਾਰ-ਵਟਾਂਦਰਾ ਹੋਵੇਗਾ ਅਤੇ ਬਾਕੀ ਨਿਯਮ ਲਾਗੂ ਨਹੀਂ ਹੋਣਗੇ।

 

LEAVE A REPLY

Please enter your comment!
Please enter your name here