ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਕਲਾਂ ਦੀ ਰਹਿਣ ਵਾਲੀ ਤਲਵਿੰਦਰ ਕੌਰ ਨੂੰ ਆਸਟਰੇਲੀਆ ਦੇ ਵਿਕਟੋਰੀਆ ਸੂਬੇ ’ਚ ਸਥਿਤ ਸ਼ਹਿਰ ਐਰਾਰਟ ਰੂਰਲ ਸਿਟੀ ਕੌਂਸਲ ਦੀ ਡਿਪਟੀ ਮੇਅਰ ਚੁਣਿਆ ਗਿਆ ਅਤੇ ਸੂਬੇ ਦੇ ਇਤਿਹਾਸ ਵਿੱਚ ਇਸ ਅਹੁਦੇ ’ਤੇ ਪਹੁੰਚਣ ਵਾਲੀ ਤਲਵਿੰਦਰ ਕੌਰ ਪਹਿਲੀ ਪੰਜਾਬਣ ਬਣ ਗਈ ਹੈ। ਪਿਛਲੇ ਸਾਲ ਕੌਂਸਲਰ ਵਜੋਂ ਚੋਣ ਜਿੱਤਣ ਵਾਲੀ ਤਲਵਿੰਦਰ ਕੌਰ ਨੇ ਸਿਰਫ਼ ਇੱਕ ਸਾਲ ਦੇ ਅੰਦਰ ਹੀ ਆਪਣੀ ਸੇਵਾ ਅਤੇ ਸਮਰਪਣ ਦੀ ਬੁਨਿਆਦ ‘ਤੇ ਇਹ ਉਪਲਬਧੀ ਹਾਸਲ ਕੀਤੀ ਹੈ। ਦੱਸ ਦਈਏ ਕਿ ਐਰਾਰਟ ਕੌਂਸਲ ਦੀ ਬੈਠਕ ਦੌਰਾਨ ਬੋਬ ਸੈਂਡਰਜ਼ ਨੂੰ ਮੇਅਰ ਅਤੇ ਤਲਵਿੰਦਰ ਕੌਰ ਨੂੰ ਸਰਬਸੰਮਤੀ ਨਾਲ ਡਿਪਟੀ ਮੇਅਰ ਚੁਣਿਆ ਗਿਆ ਹੈ।
ਪਰਿਵਾਰ ਨੂੰ ਲੋਕ ਦੇ ਰਹੇ ਵਧਾਈਆਂ
ਤਲਵਿੰਦਰ ਕੌਰ ਨੇ ਪਹਿਲੀ ਪੰਜਾਬਣ ਮਹਿਲਾ ਦੇ ਤੌਰ ‘ਤੇ ਡਿਪਟੀ ਮੇਅਰ ਬਣ ਕੇ ਆਪਣਾ ਅਤੇ ਆਪਣੇ ਮਾਤਾ ਪਿਤਾ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ, ਜਿਸ ਨੂੰ ਲੈ ਕੇ ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਕਲਾਂ ਵਿਖੇ ਉਹਨਾਂ ਦੇ ਘਰ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਪਿੰਡ ਵਾਸੀ ਅਤੇ ਰਿਸ਼ਤੇਦਾਰ ਨੇ ਪਿੰਡ ਪਹੁੰਚ ਕੇ ਪਰਿਵਾਰ ਦਾ ਮੂੰਹ ਮਿੱਠਾ ਕਰਵਾ ਰਹੇ ਹਨ ਅਤੇ ਵਧਾਈਆਂ ਦੇਣ ਵਾਲਿਆ ਦਾ ਤਾਂਤਾ ਲੱਗਿਆ ਹੋਇਆ ਹੈ।
ਤਲਵਿੰਦਰ ਕੌਰ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਦੇ ਮੌਜੂਦਾ ਮੈਂਬਰ ਪੰਚਾਇਤ ਨੇ ਕਿਹਾ ਕਿ ਸਾਡੇ ਲਈ ਬੜੇ ਮਾਨ ਦੀ ਗੱਲ ਹੈ ਕਿ ਸਾਡੀ ਧੀ ਨੇ ਜਿੱਥੇ ਵਿਦੇਸ਼ ਵਿੱਚ ਜਾ ਕੇ ਮੱਲਾਂ ਮਾਰੀਆਂ ਅਤੇ ਐਡਾ ਵੱਡਾ ਅਹੁਦਾ ਪ੍ਰਾਪਤ ਕੀਤਾ ,ਜਿਸ ਨਾਲ ਸਾਡੇ ਪਰਿਵਾਰ ਨੂੰ ਪਿੰਡ ਵਾਸੀਆਂ ਅਤੇ ਆਸੇ ਪਾਸੇ ਤੇ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
‘ਪਤੀ ਨਾਲ ਗਈ ਸੀ ਵਿਦੇਸ਼’
ਡਿਪਟੀ ਮੇਅਰ ਬਣਨ ਤੋਂ ਬਾਅਦ ਤਲਵਿੰਦਰ ਕੌਰ ਨੇ ਆਪਣੇ ਸਾਥੀ ਕੌਂਸਲਰਾਂ ਅਤੇ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ‘ਡਿਪਟੀ ਮੇਅਰ ਦੇ ਤੌਰ ‘ਤੇ ਉਹ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ ਅਤੇ ਐਰਾਰਟ ਦੇ ਵਿਕਾਸ ਲਈ ਮਜ਼ਬੂਤੀ ਨਾਲ ਕੰਮ ਕਰਣਗੇ। ਦੱਸ ਦਈਏ ਕਿ ਤਲਵਿੰਦਰ ਕੌਰ ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਕਲਾਂ ਦੀ ਜੰਮਪਲ ਹੈ। ਉਹ ਇੱਕ ਸਾਧਾਰਨ ਕਿਸਾਨ ਪਰਿਵਾਰ ਨਾਲ ਸਬੰਧਤ ਹੈ ਅਤੇ ਉਨ੍ਹਾਂ ਦਾ ਸਹੁਰਾ ਘਰ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਖਾਨਪੁਰ ’ਚ ਹੈ। 2008 ਵਿੱਚ ਉਹ ਆਪਣੇ ਪਤੀ ਕਰਮਵੀਰ ਸਿੰਘ ਨਾਲ ਵਿਦੇਸ਼ ਗਈ ਸੀ ਅਤੇ ਬੈਲਾਰਟ ਦੀ ਫੈਡਰੇਸ਼ਨ ਯੂਨੀਵਰਸਿਟੀ ਵਿੱਚ ਪੜ੍ਹਾਈ ਪੂਰੀ ਕੀਤੀ। ਤਲਵਿੰਦਰ ਕੌਰ ਦਾ ਕਹਿਣਾ ਹੈ ਕਿ ਡਿਪਟੀ ਮੇਅਰ ਦਾ ਅਹੁਦਾ ਸਿਰਫ਼ ਮਾਣ ਹੀ ਨਹੀ ਬਲਕਿ ਵੱਡੀ ਜ਼ਿੰਮੇਵਾਰੀ ਹੈ। ਜਿਸ ਲਈ ਉਹ ਪੂਰੀ ਮਿਹਨਤ ਕਰਨਗੇ।









