ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ 19 ਨਵੰਬਰ ਨੂੰ ਸ੍ਰੀਨਗਰ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਅੱਜ ਪੰਜਾਬ ਵਿੱਚ ਦਾਖਲ ਹੋਇਆ ਅਤੇ ਮਾਧੋਪੁਰ ਹੈੱਡ ਵਿਖੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਗਤ ਨੇ ਫੁੱਲਾਂ ਦੀ ਵਰਖਾ ਕਰਕੇ ਪਵਿੱਤਰ ਜਲੂਸ ਦਾ ਸਵਾਗਤ ਕੀਤਾ।
ਜਿਵੇਂ ਹੀ ਨਗਰ ਕੀਰਤਨ ਪੰਜਾਬ ਵਿੱਚ ਦਾਖਲ ਹੋਇਆ, ਪੰਜਾਬ ਪੁਲਿਸ ਦੀ ਟੁਕੜੀ ਨੇ ਰਸਮੀ ਸਲਾਮੀ ਦਿੱਤੀ। ਨਿਹੰਗ ਸਿੰਘਾਂ ਨੇ ਮਾਰਸ਼ਲ ਆਰਟ ਗੱਤਕੇ ਦੇ ਜੌਹਰ ਦਿਖਾ ਕੇ ਅਧਿਆਤਮਿਕ ਜੋਸ਼ ਭਰਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਪੱਲਵੀ, ਐੱਸਐੱਸਪੀ ਦਲਜਿੰਦਰ ਸਿੰਘ ਢਿੱਲੋਂ, ‘ਆਪ’ ਪੰਜਾਬ ਦੇ ਮੀਤ ਪ੍ਰਧਾਨ ਸਵਰਨ ਸਲਾਰੀਆ, ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਸੰਧੂ, ਸਾਹਿਬ ਸਿੰਘ ਸਭਾ, ਕਿਸਾਨ ਵਿੰਗ ਦੇ ਬਲਜਿੰਦਰ ਬੰਟੀ ਸਮੇਤ ਵੱਖ-ਵੱਖ ਪਤਵੰਤੇ ਹਾਜ਼ਰ ਸਨ।
ਮਾਧੋਪੁਰ ਤੋਂ ਨਗਰ ਕੀਰਤਨ ਸੁਜਾਨਪੁਰ, ਮਲਕਾਪੁਰ, ਛੋਟੀ ਨੇਹਰ, ਟੈਂਕ ਚੌਕ, ਬੱਸ ਸਟੈਂਡ ਪਠਾਨਕੋਟ, ਲਾਈਟਾਂ ਵਾਲਾ ਚੌਕ ਅਤੇ ਮਿਸ਼ਨ ਚੌਕ ਤੋਂ ਹੁੰਦਾ ਹੋਇਆ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਮਿਸ਼ਨ ਰੋਡ, ਪਠਾਨਕੋਟ ਵਿਖੇ ਜਾ ਕੇ ਸਮਾਪਤ ਹੋਇਆ। ਇਹ ਜਲੂਸ 21 ਨਵੰਬਰ ਨੂੰ ਸਕੂਲ ਤੋਂ ਰਵਾਨਾ ਹੋਵੇਗਾ ਅਤੇ ਸਿੰਬਲ ਹੱਕ, ਚੱਕੀ ਪੁਲ, ਦਮਤਲ, ਮੀਰਥਲ ਅਤੇ ਮਾਨਸਰ ਟੋਲ ਪਲਾਜ਼ਾ ਤੋਂ ਹੁੰਦਾ ਹੋਇਆ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦਾਖਲ ਹੋਵੇਗਾ।
ਜ਼ਿਕਰਯੋਗ ਹੈ ਕਿ 19 ਨਵੰਬਰ ਨੂੰ ਸ੍ਰੀਨਗਰ ਤੋਂ ਆਰੰਭ ਹੋਇਆ ਨਗਰ ਕੀਰਤਨ ਪਠਾਨਕੋਟ ਤੋਂ ਆਪਣੀ ਅਗਲੀ ਮੰਜ਼ਿਲ ਲਈ ਅੱਗੇ ਵਧੇਗਾ ਅਤੇ 21 ਨਵੰਬਰ ਨੂੰ ਹੁਸ਼ਿਆਰਪੁਰ ਵਿਖੇ ਰੁਕੇਗਾ। ਕੁੱਲ 544 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੋਇਆ ਇਹ ਪਵਿੱਤਰ ਜਲੂਸ 22 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗਾ।









