ਬਠਿੰਡਾ ਪੁਲਿਸ ਵੱਲੋਂ ਪਿਛਲੇ ਦਿਨ ਹੀ ਮੂੰਗਫਲੀ ਵੇਚਣ ਵਾਲੇ ਦੀ ਰਾਤ ਸਮੇਂ ਲੁੱਟ ਕਰਨ ਵਾਲੇ 5 ਲੋਕਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਇਹ ਲੋਕ ਰਾਤ ਜਾਂ ਸਵੇਰ ਸਮੇਂ ਰੇੜੀ ਵਾਲਿਆਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਹਨਾਂ ਦੀ ਲੁੱਟ ਕਰਦੇ ਸਨ। ਪੁਲਿਸ ਨੇ ਇਹਨਾਂ ਤੋਂ ਕਈ ਲੁੱਟੇ ਮੋਬਾਈਲ ਤੇ ਕੁਝ ਹੋਰ ਸਮਾਨ ਵੀ ਬਰਾਮਦ ਕੀਤਾ ਹੈ। ਪੁਲਿਸ ਹੋਰ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।
ਬਠਿੰਡਾ ਵਿਖੇ ਡੀਐਸਪੀ ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨਾਂ ਝੁੱਗੀ ਵਿੱਚ ਮੂੰਗਫਲੀਆਂ ਅਤੇ ਹੋਰ ਸਮਾਨ ਵੇਚਣ ਵਾਲੇ ਤੋਂ ਮੂੰਗਫਲੀ ਖਰੀਦਣ ਦੇ ਬਹਾਨੇ ਉਸ ਦੀ ਕੁੱਟਮਾਰ ਕਰਕੇ ਉਸ ਤੋਂ ਪੈਸੇ ਤੇ ਕੁਝ ਸਮਾਨ ਲੁੱਟ ਕੇ ਲੈ ਗਏ ਸਨ। ਜਿਸ ‘ਤੇ ਪੀੜਤ ਦੇ ਬਿਆਨ ‘ਤੇ ਥਾਣਾ ਥਰਮਲ ਵਿਖੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਤੇ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਹੁਣ 5 ਲੋਕਾਂ ਨੂੰ ਕਾਬੂ ਕੀਤਾ ਹੈ ਅਤੇ ਵਾਰਦਾਤ ਸਮੇਂ ਵਰਤੀ ਗਈ ਕਾਰ ਨੂੰ ਵੀ ਇਹਨਾਂ ਤੋਂ ਬਰਾਮਦ ਕਰ ਲਿਆ ਹੈ।
ਪੁਲਿਸ ਨੇ ਪਹਿਲੀ ਜਾਂਚ ਦੌਰਾਨ ਪਾਇਆ ਕੀ ਲੁੱਟ ਕਰਨ ਵਾਲੇ ਨੌਜਵਾਨਾਂ ਵਿੱਚ ਕੁਝ ਨੌਜਵਾਨ ਬੈਂਕ ਵਿੱਚ ਲੋਨ ਦੇਣ ਅਤੇ ਜਮੈਟੋ ਦਾ ਕੰਮ ਕਰਦੇ ਹਨ। ਪੁਲਿਸ ਨੇ ਕਥਿਤ ਆਰੋਪੀਆਂ ਤੋਂ ਲੁੱਟ ਦੇ ਚਾਰ ਮੋਬਾਈਲ ਵੀ ਬਰਾਮਦ ਕੀਤੇ ਹਨ, ਕਥਿਤ ਆਰੋਪੀ ਰਾਤ ਅਤੇ ਸਵੇਰ ਸਮੇਂ ਇਹ ਰੇੜੀ ਵਾਲੇ ਲੋਕਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਂਦੇ ਸਨ। ਇਹਨਾਂ ਨੇ ਹੁਣ ਤੱਕ ਗੁੰਨਿਆਣਾ ਥਾਣਾ ਥਰਮਲ ਅਤੇ ਰਾਮਪੁਰਾ ਦੇ ਇਲਾਕੇ ਵਿੱਚ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪੁਲਿਸ ਕਥਿਤ ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰੇਗੀ। ਜਿਸ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।









