ਡੋਡਾ ਫੌਜ ਹਾਦਸਾ: ਜੰਮੂ-ਕਸ਼ਮੀਰ ਦੇ ਡੋਡਾ ‘ਚ ਭਾਰਤੀ ਫੌਜ ਦੀ ਗੱਡੀ ਦੇ ਖੱਡ ‘ਚ ਡਿੱਗਣ ਕਾਰਨ 10 ਜਵਾਨ ਸ਼ਹੀਦ ਹੋ ਗਏ ਸਨ, ਜਦਕਿ ਇਸ ਭਿਆਨਕ ਹਾਦਸੇ ਵਿੱਚ 11 ਹੋਰ ਜਵਾਨ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਦਾ ਇਲਾਜ ਲਗਾਤਾਰ ਜਾਰੀ ਹੈ। ਇਨ੍ਹਾਂ 10 ਮ੍ਰਿਤਕ ਜਵਾਨਾਂ ਦੀ ਹੁਣ ਪਛਾਣ ਹੋ ਗਈ ਹੈ, ਜਿਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਦੱਸ ਦਈਏ ਕਿ ਇਹ ਹਾਦਸਾ ਵੀਰਵਾਰ ਦੁਪਹਿਰ ਦੇ ਕਰੀਬ ਭਦਰਵਾਹ-ਚੰਬਾ ਅੰਤਰਰਾਜੀ ਸੜਕ ‘ਤੇ 9,000 ਫੁੱਟ ਉੱਚੇ ਖਾਨੀ ਟੌਪ ‘ਤੇ ਵਾਪਰਿਆ, ਜਦੋਂ ਕੈਸਪਰ, ਇੱਕ ਬੁਲੇਟਪਰੂਫ ਵਾਹਨ, ਦੇ ਡਰਾਈਵਰ ਤੋਂ ਵਾਹਨ ਬੇਕਾਬੂ ਹੋ ਗਿਆ ਅਤੇ ਵਾਹਨ ਨੂੰ 200 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗਿਆ। ਬਖਤਰਬੰਦ ਵਾਹਨ ਵਿੱਚ ਸਵਾਰ ਸਿਪਾਹੀ ਅੱਤਵਾਦ ਵਿਰੋਧੀ ਕਾਰਵਾਈਆਂ ਲਈ ਆਪਣੀ ਪੋਸਟਿੰਗ ਵੱਲ ਜਾ ਰਹੇ ਸਨ।
10 ਸ਼ਹੀਦ ਫੌਜੀਆਂ ਦੀ ਹੋਈ ਪਛਾਣ
ਸ਼ਹੀਦ ਫੌਜੀ ਜਵਾਨਾਂ ਦੀ ਪਛਾਣ, ਸਿਪਾਹੀ ਮੋਨੂੰ – 72ਵਾਂ ਆਰਮਡ ਰਜਿ., ਸਿਪਾਹੀ ਜੋਬਨਜੀਤ ਸਿੰਘ – 8ਵੀਂ ਸੀ.ਏ.ਵੀ, ਸਿਪਾਹੀ ਮੋਹਿਤ – 72ਵਾਂ ਆਰਮਡ, ਡੀਐਫਆਰ ਸ਼ੈਲੇਂਦਰ ਸਿੰਘ ਭਦੋਰੀਆ – 52ਵਾਂ ਆਰਮਡ ਰਜਿ., ਸਿਪਾਹੀ ਸਮੀਰਨ ਸਿੰਘ – ਚੌਥਾ ਬਿਹਾਰ, ਸਿਪਾਹੀ ਪ੍ਰਦੁਮਨ, ਸਿਪਾਹੀ ਲੋਹਾਰ – ਚੌਥਾ ਬਿਹਾਰ, ਸਿਪਾਹੀ ਸੁਧੀਰ ਨਰਵਾਲ – 72ਵਾਂ ਆਰਮਡ ਰਜਿ, ਨਾਇਕ ਹਰੇ ਰਾਮ ਕੁੰਵਰ – ਚੌਥਾ ਬਿਹਾਰ, ਸਿਪਾਹੀ ਅਜੈ ਲਾਕੜਾ – ਚੌਥਾ ਬਿਹਾਰ ਤੇ ਸਿਪਾਹੀ ਰਿੰਖਿਲ ਬਾਲੀਆਂ – 72ਵਾਂ ਆਰਮਡ ਰਜਿ. ਵੱਜੋਂ ਹੋਈ।
ਵ੍ਹਾਈਟ ਨਾਈਟ ਕੋਰ ਨੇ ਬਿਆਨ ਜਾਰੀ ਕੀਤਾ
ਜੰਮੂ ਸਥਿਤ ਵ੍ਹਾਈਟ ਨਾਈਟ ਕੋਰ ਨੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਅਤੇ ਕਿਹਾ ਕਿ ਖਰਾਬ ਮੌਸਮ ਵਿੱਚ ਖਤਰਨਾਕ ਇਲਾਕੇ ਵਿੱਚੋਂ ਲੰਘਦੇ ਸਮੇਂ ਵਾਹਨ ਸੜਕ ਤੋਂ ਫਿਸਲ ਗਿਆ। ਅਧਿਕਾਰੀਆਂ ਨੇ ਕਿਹਾ ਕਿ ਫੌਜ ਅਤੇ ਪੁਲਿਸ ਵੱਲੋਂ ਇੱਕ ਸਾਂਝੇ ਬਚਾਅ ਕਾਰਜ ਵਿੱਚ ਚਾਰ ਸੈਨਿਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ 17 ਹੋਰਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਬਚਾਅ ਟੀਮ ਨੂੰ ਵਾਹਨ ਬੁਰੀ ਤਰ੍ਹਾਂ ਨੁਕਸਾਨਿਆ ਹੋਇਆ ਮਿਲਿਆ। ਬਾਅਦ ਵਿੱਚ ਛੇ ਹੋਰ ਜ਼ਖਮੀ ਸੈਨਿਕਾਂ ਨੇ ਆਪਣੀ ਸੱਟਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।
ਅਧਿਕਾਰੀਆਂ ਨੇ ਕਿਹਾ ਕਿ 10 ਜ਼ਖਮੀਆਂ ਨੂੰ ਵਿਸ਼ੇਸ਼ ਇਲਾਜ ਲਈ ਊਧਮਪੁਰ ਕਮਾਂਡ ਹਸਪਤਾਲ ਲਿਜਾਇਆ ਗਿਆ, ਜਦੋਂ ਕਿ ਇੱਕ ਹੋਰ ਸੈਨਿਕ ਭਦਰਵਾਹ ਉਪ-ਜ਼ਿਲ੍ਹਾ ਹਸਪਤਾਲ ਵਿੱਚ ਨਿਗਰਾਨੀ ਹੇਠ ਹੈ ਅਤੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।









