ਪੰਜਾਬ ਸਿਆਸਤ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੇ ਆਪਣੀ ਕਮਰ ਕੱਸ ਲਈ ਹੈ। ਇਸ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਇੱਕ ਹੋਰ ਵੱਡਾ ਝਟਕਾ ਲੱਗਾ ਹੈ, ਜਦੋਂ ਬਾਦਲ ਪਰਿਵਾਰ ਦੇ ਕਰੀਬੀ ਅਤੇ ਅਹਿਮ ਸਿਆਸੀ ਸ਼ਖ਼ਸੀਅਤ ਮੇਜਰ ਭੁਪਿੰਦਰ ਸਿੰਘ ਢਿੱਲੋਂ ਭਾਰਤੀ ਜਨਤਾ ਪਾਰਟੀ (BJP) ਦਾ ਪੱਲਾ ਫੜਣ ਜਾ ਰਹੇ ਹਨ।
ਜਾਣੋ ਮੇਜਰ ਭੁਪਿੰਦਰ ਸਿੰਘ ਢਿੱਲੋਂ ਕੌਣ?
ਮੇਜਰ ਭੁਪਿੰਦਰ ਸਿੰਘ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਰਿਸ਼ਤੇਦਾਰ (ਚਚੇਰੇ ਭਰਾ) ਵਜੋਂ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ ਉਹ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਸਕੱਤਰ (Political Secretary) ਵਜੋਂ ਵੀ ਲੰਮਾ ਸਮਾਂ ਸੇਵਾ ਨਿਭਾ ਚੁੱਕੇ ਹਨ। ਅਕਾਲੀ ਦਲ ਅਤੇ ਬਾਦਲ ਪਰਿਵਾਰ ਵਿੱਚ ਉਨ੍ਹਾਂ ਦਾ ਕਾਫ਼ੀ ਪ੍ਰਭਾਵ ਮੰਨਿਆ ਜਾਂਦਾ ਰਿਹਾ ਹੈ।
ਹਰਿਆਣਾ ਦੇ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਪ੍ਰਧਾਨ ਕਰਵਾਉਣਗੇ ਸ਼ਮੂਲੀਅਤ
ਮੇਜਰ ਭੁਪਿੰਦਰ ਸਿੰਘ ਢਿੱਲੋਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਉਣ ਲਈ ਵਿਸ਼ੇਸ਼ ਤੌਰ ‘ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਮੌਜੂਦ ਰਹਿਣਗੇ। ਇਨ੍ਹਾਂ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਉਨ੍ਹਾਂ ਨੂੰ ਪਾਰਟੀ ਵਿੱਚ ਰਸਮੀ ਤੌਰ ‘ਤੇ ਸ਼ਾਮਲ ਕਰਵਾਇਆ ਜਾਏਗਾ।
ਸਿਆਸੀ ਹਲਕਿਆਂ ਵਿੱਚ ਚਰਚਾ ਤੇਜ਼
ਦੱਸ ਦੇਈਏ ਕਿ ਮੇਜਰ ਭੁਪਿੰਦਰ ਸਿੰਘ ਢਿੱਲੋਂ ਦਾ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣਾ ਪੰਜਾਬ ਦੀ ਸਿਆਸਤ ਵਿੱਚ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਮਲਵਾ ਖੇਤਰ ਵਿੱਚ ਭਾਜਪਾ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਦੇ ਅਕਾਲੀ ਦਲ ਦੀ ਸਿਆਸਤ ‘ਤੇ ਡੂੰਘੇ ਪ੍ਰਭਾਵ ਪੈ ਸਕਦੇ ਹਨ।









