Home ਟੈਲੀਵਿਜ਼ਨ ਪੰਜਾਬੀ ਯੂਟਿਊਬਰ ਮਣੀ ਸ਼ੌਕਰ ਅਤੇ ਉਸ ਦੇ ਸਾਥੀ ਦਾ ਰਿਮਾਂਡ ਵਧਿਆ, 3...

ਪੰਜਾਬੀ ਯੂਟਿਊਬਰ ਮਣੀ ਸ਼ੌਕਰ ਅਤੇ ਉਸ ਦੇ ਸਾਥੀ ਦਾ ਰਿਮਾਂਡ ਵਧਿਆ, 3 ਦਿਨ ਹੋਰ ਪੁਲਿਸ ਹਿਰਾਸਤ ‘ਚ

0
1042
ਪੰਜਾਬੀ ਯੂਟਿਊਬਰ ਮਣੀ ਸ਼ੌਕਰ ਅਤੇ ਉਸ ਦੇ ਸਾਥੀ ਦਾ ਰਿਮਾਂਡ ਵਧਿਆ, 3 ਦਿਨ ਹੋਰ ਪੁਲਿਸ ਹਿਰਾਸਤ 'ਚ

ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਕਥਿਤ ਤੌਰ ‘ਤੇ ਵਿਦੇਸ਼ੀ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤੇ ਪੰਜਾਬੀ ਯੂਟਿਊਬਰ ਮਨਪ੍ਰੀਤ ਸਿੰਘ ਉਰਫ਼ ਮਣੀ ਸ਼ੌਕਰ ਅਤੇ ਉਸ ਦੇ ਸਾਥੀ ਦਿਲਪ੍ਰੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦੋ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਪੁਲਿਸ ਨੇ ਗਿਰੋਹ ਦੇ ਹੋਰ ਮੈਂਬਰਾਂ ਅਤੇ ਹਥਿਆਰਾਂ ਦੀ ਸਪਲਾਈ ਚੇਨ ਬਾਰੇ ਪੁੱਛਗਿੱਛ ਲਈ ਵਾਧੂ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਣੀ ਸ਼ੌਕਰ ਦਾ 3 ਦਿਨ ਦਾ ਹੋਰ ਪੁਲਿਸ ਰਿਮਾਂਡ ਮਨਜ਼ੂਰ ਕੀਤਾ ਹੈ।

ਨਾਕਾਬੰਦੀ ਦੌਰਾਨ ਕੀ ਹੋਇਆ?

ਪੁਲਿਸ ਮੁਤਾਬਕ ਇਹ ਕਾਰਵਾਈ ਸਦਰ ਥਾਣਾ ਇੰਚਾਰਜ ਸਬ-ਇੰਸਪੈਕਟਰ ਬਲਕਰਨ ਸਿੰਘ ਦੀ ਨਿਗਰਾਨੀ ਹੇਠ ਹੋਈ। 18 ਸਤੰਬਰ ਨੂੰ ਜੰਡਿਆਲਾ ਪੁਲਿਸ ਚੌਕੀ ਦੇ ਇੰਚਾਰਜ ਐੱਸਆਈ ਨਰਿੰਦਰ ਮੋਹਨ ਪੁਲਿਸ ਟੀਮ ਨਾਲ ਜੰਡਿਆਲਾ ਮੋੜ ‘ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕਰ ਰਹੇ ਸਨ।

ਇਸ ਦੌਰਾਨ ਇੱਕ ਮਹਿੰਦਰਾ ਸਕਾਰਪੀਓ ਨੂੰ ਰੋਕ ਕੇ ਉਸ ਵਿੱਚ ਸਵਾਰ ਵਿਅਕਤੀਆਂ ਤੋਂ ਪਛਾਣ ਸਬੰਧੀ ਦਸਤਾਵੇਜ਼ ਮੰਗੇ ਗਏ। ਪੁਲਿਸ ਦਾ ਆਰੋਪ ਹੈ ਕਿ ਇਸੇ ਦੌਰਾਨ ਇੱਕ ਵਿਅਕਤੀ ਨੇ ਕਥਿਤ ਤੌਰ ‘ਤੇ ਪਿਸਤੌਲ ਕੱਢ ਕੇ ਐੱਸਆਈ ਨਰਿੰਦਰ ਮੋਹਨ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ।

ਪੁਲਿਸ ਮੁਤਾਬਕ ਐੱਸਆਈ ਨੇ ਤੁਰੰਤ ਉਸ ਦਾ ਹੱਥ ਫੜ ਲਿਆ ਅਤੇ ਉਸ ਨੂੰ ਪਿੱਛੇ ਧੱਕ ਦਿੱਤਾ। ਇਸ ਦੌਰਾਨ ਚੱਲੀਆਂ ਦੋ ਗੋਲੀਆਂ ਨੇੜੇ ਸਥਿਤ ਢਾਬੇ ਦੀ ਕੰਧ ਵਿੱਚ ਜਾ ਲੱਗੀਆਂ। ਪੁਲਿਸ ਟੀਮ ਨੇ ਮੌਕੇ ਤੋਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਤੀਜੇ ਮੁਲਜ਼ਮ ਨੂੰ ਵੀ ਕੀਤਾ ਨਾਮਜ਼ਦ

ਪੁਲਿਸ ਮੁਤਾਬਕ ਗੋਲੀ ਚਲਾਉਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਪਛਾਣ ਪਿੰਡ ਅੱਟੀ ਬਾਜਾ, ਫਿਲੌਰ ਵਾਸੀ ਮਣੀ ਸ਼ੌਕਰ ਵਜੋਂ ਹੋਈ ਹੈ। ਸਕਾਰਪੀਓ ਚਲਾ ਰਿਹਾ ਦਿਲਪ੍ਰੀਤ ਸਿੰਘ, ਪਿੰਡ ਧਰਮ ਸਿੰਘ ਵਾਲਾ, ਮੋਗਾ ਦਾ ਰਹਿਣ ਵਾਲਾ ਦੱਸਿਆ ਗਿਆ ਹੈ। ਜਾਂਚ ਦੌਰਾਨ ਪੁਲਿਸ ਨੇ ਮੇਹਰ ਸਿੰਘ ਉਰਫ਼ ਪ੍ਰਿੰਸ, ਵਾਸੀ ਨਿਊ ਆਜ਼ਾਦ ਨਗਰ, ਲੁਧਿਆਣਾ, ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ।

5 ਵਿਦੇਸ਼ੀ ਪਿਸਤੌਲ ਬਰਾਮਦ ਕਰਨ ਦਾ ਦਾਅਵਾ

ਪੁਲਿਸ ਅਨੁਸਾਰ ਮੁਲਜ਼ਮਾਂ ਕੋਲੋਂ ਕੁੱਲ 5 ਵਿਦੇਸ਼ੀ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਇਨ੍ਹਾਂ ਵਿੱਚ ਆਸਟ੍ਰੀਆ ਦੀ ਬਣੀ Glock 19 Gen4, ਰੋਮਾਨੀਆ ਦੀ ਬਣੀ Kugir Model TT-C, ਜਰਮਨੀ ਦੀ ਬਣੀ Walther PP ਅਤੇ ਦੋ ਬਿਨਾਂ ਨਿਸ਼ਾਨ ਵਾਲੀਆਂ ਪਿਸਤੌਲਾਂ ਸ਼ਾਮਲ ਹੋਣ ਦੀ ਜਾਣਕਾਰੀ ਦਿੱਤੀ ਹੈ।

ਹੁਣ ਪੁਲਿਸ ਰਿਮਾਂਡ ਦੌਰਾਨ ਕਥਿਤ ਗਿਰੋਹ ਦੇ ਹੋਰ ਮੈਂਬਰਾਂ ਅਤੇ ਹਥਿਆਰਾਂ ਦੀ ਸਪਲਾਈ ਦੇ ਸਰੋਤ ਬਾਰੇ ਪੁੱਛਗਿੱਛ ਕਰੇਗੀ।

 

LEAVE A REPLY

Please enter your comment!
Please enter your name here