ਫਾਜ਼ਿਲਕਾ ਦੇ ਪਿੰਡ ਗਾਗਨਕੇ ਵਿੱਚ ਰਹਿਣ ਵਾਲੇ ਇੱਕ ਮਜ਼ਦੂਰ ਦੀ ਕਿਸਮਤ ਅਜਿਹੀ ਚਮਕੀ ਕਿ ਪੂਰਾ ਪਰਿਵਾਰ ਖੁਸ਼ੀ ਨਾਲ ਝੂਮ ਉੱਠਿਆ। ਰੋਜ਼ਾਨਾ 500 ਤੋਂ 600 ਰੁਪਏ ਦਿਹਾੜੀ ਕਮਾਉਣ ਵਾਲੇ ਬਲਵਿੰਦਰ ਸਿੰਘ ਨੇ ਸਿਰਫ਼ 20 ਰੁਪਏ ਦੀ ਲਾਟਰੀ ਟਿਕਟ ਖਰੀਦੀ ਸੀ, ਜਿਸ ‘ਤੇ ਉਸ ਦਾ 11 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲ ਆਇਆ। ਖ਼ਾਸ ਗੱਲ ਇਹ ਹੈ ਕਿ ਉਹ ਪਿਛਲੇ ਦੋ ਸਾਲਾਂ ਤੋਂ ਆਪਣੀ ਤਿੰਨ ਸਾਲ ਦੀ ਧੀ ਜਸਲੀਨ ਕੌਰ ਦੇ ਨਾਂ ‘ਤੇ ਲਾਟਰੀ ਦੀ ਟਿਕਟ ਖਰੀਦ ਰਿਹਾ ਸੀ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਉਸ ਨੇ ਗੁਰਪੁਰਬ ਵਾਲੇ ਦਿਨ ਪੰਜਾਬ ਸਟੇਟ ਡੀਅਰ ਲਾਟਰੀ ਬੰਪਰ ਦੀ 20 ਰੁਪਏ ਵਾਲੀ ਟਿਕਟ ਖਰੀਦੀ ਸੀ। ਜਦੋਂ ਉਸ ਨੂੰ ਲਾਟਰੀ ਨਿਕਲਣ ਦਾ ਫੋਨ ਆਇਆ ਤਾਂ ਉਹ ਆਪਣੇ ਤਾਏ ਦੇ ਪੁੱਤ ਦੇ ਵਿਆਹ ਵਿੱਚ ਰੁੱਝਿਆ ਹੋਇਆ ਸੀ। ਘਰ ਪਹੁੰਚ ਕੇ ਜਦੋਂ ਉਸ ਨੇ ਖੁਦ ਟਿਕਟ ਦਾ ਨੰਬਰ ਮਿਲਾਇਆ ਤਾਂ ਉਸ ਨੂੰ ਯਕੀਨ ਹੋਇਆ ਕਿ ਸੱਚਮੁੱਚ 11 ਲੱਖ ਰੁਪਏ ਦਾ ਇਨਾਮ ਨਿਕਲ ਆਇਆ ਹੈ।
ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਇਨਾਮ ਦੀ ਪੂਰੀ ਰਕਮ ਆਪਣੀ ਧੀ ਦੇ ਨਾਂ ‘ਤੇ ਹੀ ਜਮ੍ਹਾ ਕਰਵਾਏਗਾ। ਉੱਥੇ ਹੀ ਉਸ ਦੀ ਮਾਤਾ ਜੀਤੋ ਬਾਈ ਨੇ ਦੱਸਿਆ ਕਿ ਲਾਟਰੀ ਨਿਕਲਣ ਦੀ ਖ਼ਬਰ ਮਿਲਦਿਆਂ ਹੀ ਪਿੰਡ ਦੇ ਲੋਕ ਵਧਾਈ ਦੇਣ ਲਈ ਘਰ ਪਹੁੰਚਣ ਲੱਗ ਪਏ।
ਇਸ ਤੋਂ ਬਾਅਦ ਪਰਿਵਾਰ ਗੁੰਬਰ ਲਾਟਰੀ ਏਜੰਸੀ ਪਹੁੰਚਿਆ, ਜਿੱਥੇ ਢੋਲ ਦੀ ਥਾਪ ‘ਤੇ ਭੰਗੜਾ ਪਾ ਕੇ ਖੁਸ਼ੀ ਮਨਾਈ ਗਈ। ਬਾਜ਼ਾਰ ਵਿੱਚ ਲੱਡੂ ਵੀ ਵੰਡੇ ਗਏ। ਏਜੰਸੀ ਦੇ ਸੰਚਾਲਕ ਅਨਮੋਲ ਗੁੰਬਰ ਮੁਤਾਬਕ ਬਲਵਿੰਦਰ ਸਿੰਘ ਨੇ ਟਿਕਟ ਨੰਬਰ E-94031 ਖਰੀਦਿਆ ਸੀ, ਜਿਸ ‘ਤੇ 11 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ।
World News TV — ਸਹੀ ਅਤੇ ਤਾਜ਼ਾ ਜਾਣਕਾਰੀ।








