ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੀ ਤਰਨਤਾਰਨ ਵਿਧਾਨ ਸਭਾ ਸੀਟ ਜਿੱਤ ਲਈ ਹੈ। ਆਪ ਉਮੀਦਵਾਰ ਹਰਮੀਤ ਸੰਧੂ ਨੇ 12,091 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਕੁੱਲ 42,649 ਵੋਟਾਂ ਪ੍ਰਾਪਤ ਕੀਤੀਆਂ। ਸੰਧੂ ਚੌਥੀ ਵਾਰ ਵਿਧਾਇਕ ਚੁਣੇ ਗਏ ਹਨ। ਇਸ ਤੋਂ ਬਾਅਦ ਲੀਡਰਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਆਪ ਦੇ ਵਰਕਰ ਜਸ਼ਨ ਮਨਾ ਰਹੇ ਹਨ। ਇਸ ਦੌਰਾਨ ਪਾਰਟੀ ਨੇ ਵਿਧਾਇਕ ਤੇ ਸਾਬਕਾ ਮੰਤਰੀ ਕੁਲਦੀਪ ਧਾਲੀਵਾਲ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਪੰਜਾਬ ਨੇ ਕੁਲਦੀਪ ਸਿੰਘ ਧਾਲੀਵਾਲ ਨੂੰ ਪੰਜਾਬ ਵਿਚ ਪਾਰਟੀ ਦਾ ਮੁੱਖ ਬੁਲਾਰਾ (Chief Spokesperson) ਨਿਯੁਕਤ ਕੀਤਾ ਹੈ। ਇਸ ਬਾਰੇ ਅਧਿਕਾਰਕ ਤੌਰ ‘ਤੇ ਪਾਰਟੀ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।
ਪਾਰਟੀ ਨੇ ਕਿਹਾ ਹੈ ਕਿ ਕੁਲਦੀਪ ਸਿੰਘ ਧਾਲੀਵਾਲ ਨੂੰ ਇਹ ਜ਼ਿੰਮੇਵਾਰੀ ਉਨ੍ਹਾਂ ਦੇ ਪਾਰਟੀ ਪ੍ਰਤੀ ਯੋਗਦਾਨ ਅਤੇ ਤਜਰਬੇ ਨੂੰ ਦੇਖਦੇ ਹੋਏ ਸੌਂਪੀ ਗਈ ਹੈ। ਪੱਤਰ ਵਿਚ ਲਿਖਿਆ ਗਿਆ ਹੈ ਕਿ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ। ਇਹ ਨਿਯੁਕਤੀ ਪਾਰਟੀ ਦੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵੱਲੋਂ ਹਸਤਾਖਰ ਕੀਤੇ ਪੱਤਰ ਰਾਹੀਂ ਜਾਰੀ ਕੀਤੀ ਗਈ ਹੈ।
ਜ਼ਿਕਰ ਕਰ ਦਈਏ ਕਿ ਤਰਨ ਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰ ਲਈ ਹੈ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਤ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਲਿਖਿਆ, ਵਿਧਾਨ ਸਭਾ ਤਰਨਤਾਰਨ ਦੀ ਜ਼ਿਮਨੀ ਚੋਣ ‘ਚ ਮਿਲੀ ਸ਼ਾਨਦਾਰ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਕੰਮ ਦੀ ਰਾਜਨੀਤੀ ਪਸੰਦ ਹੈ। ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ‘ਚ ਪਾਰਟੀ ਜਿੱਤ ਦੇ ਝੰਡੇ ਗੱਡ ਰਹੀ ਹੈ।
ਪੰਜਾਬ ਦੇ ਲੋਕਾਂ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ‘ਤੇ ਭਰੋਸਾ ਜਿਤਾਇਆ ਹੈ। ਇਹ ਜਿੱਤ ਲੋਕਾਂ ਦੀ ਜਿੱਤ ਹੈ, ਮਿਹਨਤ ਕਰਨ ਵਾਲੇ ਵਲੰਟੀਅਰ ਸਾਹਿਬਾਨਾਂ ਅਤੇ ਸਮੁੱਚੀ ਲੀਡਰਸ਼ਿਪ ਦੀ ਜਿੱਤ ਹੈ। ਚੋਣ ਦੌਰਾਨ ਤਰਨਤਾਰਨ ਵਾਸੀਆਂ ਨਾਲ ਕੀਤਾ ਹਰ ਇੱਕ ਵਾਅਦਾ ਪਹਿਲ ਦੇ ਆਧਾਰ ‘ਤੇ ਪੂਰਾ ਕਰਾਂਗੇ। ਤਰਨਤਾਰਨ ਦੇ ਵਾਸੀਆਂ ਨੂੰ ਇਸ ਜਿੱਤ ਦੀਆਂ ਬਹੁਤ-ਬਹੁਤ ਮੁਬਾਰਕਾਂ।









