ਪੰਜਾਬ ਦੇ ਵਿੱਤ ਮੰਤਰੀ ਨੇ 11 ਨਵੰਬਰ ਨੂੰ ਐਲਾਨ ਕੀਤਾ ਕਿ ਪੰਜਾਬ ਸਰਕਾਰ ਰਾਜ ਦੇ ਸਾਰੇ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ‘ਚ 13 ਤੋਂ 15 ਨਵੰਬਰ 2025 ਤੱਕ ‘ਪੈਨਸ਼ਨਰ ਸੇਵਾ ਮੇਲਾ’ ਦਾ ਆਯੋਜਨ ਕਰੇਗੀ। ਇਸ ਪਹਿਲ ਦਾ ਮਕਸਦ ਰਾਜ ਸਰਕਾਰ ਦੇ ਸਾਰੇ ਪੈਨਸ਼ਨਰਾਂ ਨੂੰ ਲੋੜੀਂਦੀ ਈ-ਕੇਵਾਈਸੀ ਪ੍ਰਕਿਰਿਆ ਨਾਲ ਸੰਬੰਧਿਤ ਸੁਵਿਧਾ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਹਾਲ ਹੀ ‘ਚ ਸ਼ੁਰੂ ਕੀਤੇ ਗਏ ਪੈਂਸ਼ਨਰ ਸੇਵਾ ਪੋਰਟਲ ‘ਤੇ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਣ।
ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 3 ਨਵੰਬਰ 2025 ਨੂੰ ਸਾਰੀਆਂ ਪੈਨਸ਼ਨ ਸੇਵਾਵਾਂ ਲਈ ਇੱਕ ਵਨ-ਸਟਾਪ ਡਿਜ਼ੀਟਲ ਪਲੇਟਫਾਰਮ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਲਈ ਇਸ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾਉਣ ਲਈ ਈ-ਕੇਵਾਈਸੀ ਕਰਵਾਉਣਾ ਲਾਜ਼ਮੀ ਹੈ। ਉਨ੍ਹਾਂ ਨੇ ਸਾਰੇ ਪੈਂਸ਼ਨਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਵਾਉਣ ਅਤੇ ਸੁਗਮ ਡਿਜ਼ੀਟਲ ਪੈਂਸ਼ਨ ਸੇਵਾਵਾਂ ਦਾ ਲਾਭ ਲੈਣ ਲਈ ਮੇਲੇ ਦੌਰਾਨ ਆਪਣੇ ਨੇੜਲੇ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਵਿੱਚ ਪਹੁੰਚਣ।
ਇਸ ਪੋਰਟਲ ‘ਤੇ ਮਿਲਣਗੀਆਂ ਇਹ ਵਾਲੀਆਂ ਸੇਵਾਵਾਂ
ਇਹ ਪੋਰਟਲ https://pensionersewa.punjab.gov.in ‘ਤੇ ਉਪਲਬਧ ਹੈ ਅਤੇ ਇਸ ਰਾਹੀਂ ਸ਼ੁਰੂਆਤੀ ਪੜਾਅ ਵਿੱਚ ਪੈਂਸ਼ਨਰਾਂ ਨੂੰ ਛੇ ਮੁੱਖ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਨ੍ਹਾਂ ਸੇਵਾਵਾਂ ਵਿੱਚ ਸ਼ਾਮਲ ਹਨ — ‘ਜੀਵਨ ਪ੍ਰਮਾਣ’ ਮੋਬਾਈਲ ਐਪ ਰਾਹੀਂ ਡਿਜ਼ੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣਾ, ਪੈਨਸ਼ਨ ਨੂੰ ਪਰਿਵਾਰਕ ਪੈਨਸ਼ਨ ਵਿੱਚ ਤਬਦੀਲ ਕਰਨ ਲਈ ਅਰਜ਼ੀ ਦੇਣਾ, ਲੀਵ ਟਰੈਵਲ ਕਨਸੈਸ਼ਨ ਲਈ ਅਰਜ਼ੀ ਕਰਨਾ, ਪੈਨਸ਼ਨ ਸੰਬੰਧੀ ਸ਼ਿਕਾਇਤਾਂ ਦਰਜ ਕਰਵਾਉਣਾ, ਅਤੇ ਪੈਨਸ਼ਨਰਾਂ ਦੇ ਨਿੱਜੀ ਵੇਰਵਿਆਂ ਨੂੰ ਅੱਪਡੇਟ ਜਾਂ ਤਬਦੀਲ ਕਰਨਾ।
‘ਜੀਵਨ ਪ੍ਰਮਾਣ’ ਮੋਬਾਈਲ ਐਪ ਐਂਡਰਾਇਡ ‘ਤੇ https://play.google.com/store/apps/details?id=com.aadhaar.life
ਅਤੇ ਆਈਓਐਸ (iOS) ‘ਤੇ https://apps.apple.com/in/app/jeevanpramaan/id6736359405 ‘ਤੇ ਉਪਲਬਧ ਹੈ।
ਉਨ੍ਹਾਂ ਨੇ ਅੱਗੇ ਸਪੱਸ਼ਟ ਕੀਤਾ ਕਿ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਦੀ ਪ੍ਰਕਿਰਿਆ ਬਹੁਤ ਹੀ ਸੌਖੀ ਅਤੇ ਵਰਤੋਂਕਾਰ-ਮਿਤਰ ਹੈ। ਪੈਂਸ਼ਨਰ ਪੋਰਟਲ ‘ਤੇ ਉਪਲਬਧ ਆਧਾਰ ਪ੍ਰਮਾਣਿਕਤਾ (Aadhaar Authentication) ਸੁਵਿਧਾ ਰਾਹੀਂ ਆਪਣੀ ਈ-ਕੇਵਾਈਸੀ ਪੂਰੀ ਕਰਕੇ ‘ਪੈਨਸ਼ਨਰ ਸੇਵਾ ਪੋਰਟਲ’ ‘ਤੇ ਆਪਣਾ ਰਜਿਸਟ੍ਰੇਸ਼ਨ ਕਰ ਸਕਦੇ ਹਨ। ਜਦੋਂ ਰਜਿਸਟ੍ਰੇਸ਼ਨ ਪੂਰਾ ਹੋ ਜਾਂਦਾ ਹੈ, ਤਾਂ ਉਹ ਆਪਣੇ ਮੋਬਾਈਲ ਫੋਨ, ਕੰਪਿਊਟਰ ਜਾਂ ਲੈਪਟਾਪ ਰਾਹੀਂ ਲਾਗਇਨ ਕਰਕੇ ਘਰ ਬੈਠੇ ਹੀ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ।
ਇਸ ਤੋਂ ਇਲਾਵਾ, ਇਹ ਸੇਵਾਵਾਂ ਨੇੜਲੇ ਸੇਵਾ ਕੇਂਦਰਾਂ ‘ਤੇ ਜਾ ਕੇ, ਸੇਵਾ ਦੀ ਹੋਮ ਡਿਲਿਵਰੀ ਲਈ ਅਰਜ਼ੀ ਕਰਕੇ ਜਾਂ ਸੰਬੰਧਤ ਪੈਨਸ਼ਨ ਵੰਡਣ ਵਾਲੇ ਬੈਂਕਾਂ ਜਾਂ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਵਿੱਚ ਜਾ ਕੇ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਸ਼ਿਕਾਇਆਤਾਂ ਦੇ ਨਿਪਟਾਰੇ ਲਈ ਇਹ ਨੰਬਰ
ਪੋਰਟਲ ਦੇ ਸ਼ੁਰੂ ਹੋਣ ਤੋਂ ਬਾਅਦ ਆਉਣ ਵਾਲੀਆਂ ਸ਼ਿਕਾਇਤਾਂ ਦਾ ਜਲਦੀ ਹੱਲ ਕਰਨ ਲਈ ਖ਼ਜ਼ਾਨਾ ਤੇ ਖਾਤੇ, ਪੈਨਸ਼ਨ ਅਤੇ ਨਵੀਂ ਪੈਨਸ਼ਨ ਸਕੀਮ ਦੇ ਡਾਇਰੈਕਟਰੇਟ ‘ਚ ਇੱਕ ਖ਼ਾਸ ਵਾਰ ਰੂਮ ਬਣਾਇਆ ਗਿਆ ਹੈ। ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਵਿਭਾਗ ਵੱਲੋਂ ਤਿੰਨ ਹੈਲਪਲਾਈਨ ਨੰਬਰ — 18001802148, 01722996385 ਅਤੇ 01722996386 — ਜਾਰੀ ਕੀਤੇ ਗਏ ਹਨ, ਜੋ ਕਿ ਸਾਰੇ ਕੰਮਕਾਜੀ ਦਿਨਾਂ ‘ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਰਗਰਮ ਰਹੇਗਾ।









