ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਬਾਬੋਵਾਲ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਜਿੱਥੇ ਸੱਤ ਸਾਲ ਦੇ ਏਕਮਪ੍ਰੀਤ ਸਿੰਘ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਛੋਟੇ ਬੱਚੇ ਦੀ ਮੌਤ ਦੀ ਖ਼ਬਰ ਨਾਲ ਪਿੰਡ ਵਿੱਚ ਸੋਗ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਪਰਿਵਾਰ ਦਾ ਰੋ -ਰੋ ਕੇ ਬੁਰਾ ਹਾਲ ਹੈ।
ਪਿੰਡ ਦੇ ਮੌਜੂਦਾ ਸਰਪੰਚ ਸ਼ਮਸ਼ੇਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਤਕਰੀਬਨ ਸਵਾ ਇੱਕ ਵਜੇ ਉਨ੍ਹਾਂ ਨੂੰ ਫ਼ੋਨ ਰਾਹੀਂ ਜਾਣਕਾਰੀ ਮਿਲੀ ਕਿ ਇੱਕ ਬੱਚਾ ਡਿੱਗਿਆ ਪਿਆ ਹੈ। ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਨੇ ਵੇਖਿਆ ਕਿ ਸੱਤ ਸਾਲ ਦਾ ਏਕਮਪ੍ਰੀਤ ਸਿੰਘ ਗੰਭੀਰ ਹਾਲਤ ਵਿੱਚ ਪਿਆ ਸੀ ਅਤੇ ਉਸਦੇ ਨੇੜੇ ਇੱਟਾਂ-ਰੋੜੇ ਵੀ ਪਏ ਹੋਏ ਸਨ। ਸਰਪੰਚ ਨੇ ਕਿਹਾ ਕਿ ਮੌਕੇ ਦੀ ਸਥਿਤੀ ਦੇਖ ਕੇ ਪਹਿਲਾ ਸ਼ੱਕ ਹੀ ਇਹ ਹੋਇਆ ਕਿ ਬੱਚੇ ਨੂੰ ਕਿਸੇ ਨੇ ਜ਼ਖ਼ਮੀ ਕੀਤਾ ਹੋਵੇਗਾ।
ਪਰਿਵਾਰਿਕ ਮੈਂਬਰਾਂ ਨੇ ਰੋ- ਰੋ ਕੇ ਦੱਸਿਆ ਕਿ ਬੱਚਾ ਘਰ ਤੋਂ ਕੁਝ ਦੂਰ ਇੱਕ ਕੋਠੇ ਦੇ ਪਿੱਛੇ ਮ੍ਰਿਤਕ ਹਾਲਤ ਵਿੱਚ ਮਿਲਿਆ। ਉਨ੍ਹਾਂ ਨੇ ਖੁੱਲ੍ਹ ਕੇ ਕਿਹਾ ਕਿ ਬੱਚੇ ਨੂੰ ਮਾਰਿਆ ਗਿਆ ਹੈ ਅਤੇ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ। ਪਰਿਵਾਰ ਦੇ ਮੁਤਾਬਕ ਮ੍ਰਿਤਕ ਦੀ ਇੱਕ ਵੱਡੀ ਭੈਣ ਵੀ ਹੈ ਅਤੇ ਦੋਵੇਂ ਬੱਚੇ ਬਹੁਤ ਪਿਆਰੇ ਸਨ। ਇਸ ਮਾਮਲੇ ਦੀ ਸੂਚਨਾ ਮਿਲਣ ‘ਤੇ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ।
ਪੁਲਿਸ ਅਧਿਕਾਰੀਆਂ ਨੇ ਪਰਿਵਾਰ ਦੇ ਬਿਆਨ ਦਰਜ ਕੀਤੇ ਅਤੇ ਬੱਚੇ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਇਨਵੈਸਟੀਗੇਸ਼ਨ ਅਧਿਕਾਰੀਆਂ ਦੇ ਅਨੁਸਾਰ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਲੱਗੇਗਾ। ਅਧਿਕਾਰੀਆਂ ਨੇ ਕਿਹਾ ਕਿ ਪਰਿਵਾਰ ਵੱਲੋਂ ਹੱਤਿਆ ਦਾ ਸ਼ੱਕ ਜਤਾਇਆ ਗਿਆ ਹੈ ਅਤੇ ਹਰ ਕੋਣ ਤੋਂ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਇਹ ਵੀ ਕਿਹਾ ਕਿ ਜਿਸ ਵੀ ਵਿਅਕਤੀ ਦੀ ਭੂਮਿਕਾ ਇਸ ਘਟਨਾ ਵਿੱਚ ਸਾਹਮਣੇ ਆਏਗੀ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪਿੰਡ ਵਿੱਚ ਡਰ ਅਤੇ ਮਾਹੌਲ ਵਿੱਚ ਤਣਾਅ ਬਣਿਆ ਹੋਇਆ ਹੈ ਅਤੇ ਲੋਕ ਇਨਸਾਫ ਦੀ ਉਮੀਦ ਕਰ ਰਹੇ ਹਨ।









