ਵੀਰਵਾਰ ਦੀ ਦੇਰ ਰਾਤ ਸਮਰਾਲਾ ਨੇੜਲੇ ਪਿੰਡ ਕੋਟਲਾ ਸਮਸ਼ਪੁਰ ਵਿਖੇ ਇੱਕ ਕੈਬ ਡਰਾਇਵਰ ਨੂੰ ਹੇਠਾਂ ਸੁੱਟ ਕੇ ਉਸ ਦੀ ਕੈਬ ਲੈ ਕੇ ਫਰਾਰ ਹੋਣ ਵਾਲੇ ਦੋ ਮੁਲਜ਼ਮਾਂ ਨੂੰ ਤਿੰਨ ਘੰਟਿਆ ਦੇ ਅੰਦਰ ਹੀ ਪੁਲਸ ਵੱਲੋਂ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ। ਇਨ੍ਹਾਂ ਲੁਟੇਰਿਆਂ ਵੱਲੋਂ ਖੋਹੀ ਗਈ ਕੈਬ ਨੂੰ ਵੀ ਪੁਲਸ ਨੇ ਬਰਾਮਦ ਕਰ ਲਿਆ ਹੈ।
ਅੱਜ ਪੁਲਸ ਥਾਣਾ ਸਮਰਾਲਾ ਵਿਖੇ ਜਾਣਕਾਰੀ ਦਿੰਦੇ ਹੋਏ ਐੱਸ.ਪੀ. (ਡੀ.) ਖੰਨਾ ਪਵਨਜੀਤ ਚੌਧਰੀ ਨੇ ਦੱਸਿਆ ਕਿ ਲੰਘੀ ਰਾਤ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਨਵੀਨ ਕੁਮਾਰ ਵਾਸੀ ਰਤੀਆ ਜ਼ਿਲਾ ਫਤਿਹਾਬਾਦ (ਹਰਿਆਣਾ) ਜੋ ਕਿ ਕੈਬ ਚਲਾਉਣ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਰਾਤ ਉਸ ਇਕ ਵਿਅਕਤੀ ਦਾ ਫੋਨ ਆਇਆ, ਜਿਸ ਨੇ ਆਪਣਾ ਨਾਂ ਕਰਨ ਪੁੱਤਰ ਜਿੰਦਰ ਸਿੰਘ ਹਾਲ ਵਾਸੀ ਸੋਹਾਣਾ ਦੱਸਿਆ ਅਤੇ ਲੁਧਿਆਣਾ ਜਾਣ ਲਈ ਕਿਹਾ।
ਇਸ ’ਤੇ ਉਹ ਆਪਣੀ ਕੈਬ ਲੈ ਕੇ ਉਕਤ ਦੱਸੇ ਪਤੇ ’ਤੇ ਚਲਾ ਗਿਆ ਅਤੇ ਉੱਥੇ ਕਰਨ ਅਤੇ ਉਸ ਦਾ ਇੱਕ ਹੋਰ ਸਾਥੀ ਉਸ ਦੀ ਕੈਬ ਵਿਚ ਸਵਾਰ ਹੋ ਗਏ। ਇਨ੍ਹਾਂ ਵਿਚੋਂ ਇੱਕ ਵਿਅਕਤੀ ਉਸ ਦੇ ਨਾਲ ਅਗਲੀ ਸੀਟ ’ਤੇ ਸਵਾਰ ਹੋ ਗਿਆ, ਜਦਕਿ ਦੂਜਾ ਵਿਅਕਤੀ ਪਿੱਛਲੀ ਸੀਟ ’ਤੇ ਬੈਠ ਗਿਆ। ਜਿਵੇ ਹੀ ਉਸ ਨੇ ਸਮਰਾਲਾ ਨੇੜਲੇ ਪਿੰਡ ਹੇਡੋਂ ਵਾਲੇ ਹਾਈਵੇ ਪੁਲ ਨੂੰ ਕਰਾਸ ਕੀਤਾ ਤਾਂ ਇਨ੍ਹਾਂ ਦੋਸ਼ੀਆਂ ਨੇ ਉਸ ਕੋਲੋ ਜਬਰੀ ਉਸ ਦੀ ਕੈਬ ਖੋਹ ਲਈ ਅਤੇ ਉਸ ਨੂੰ ਹੇਠਾ ਸੁੱਟ ਕੇ ਫਰਾਰ ਹੋ ਗਏ।
ਐੱਸ.ਪੀ. (ਡੀ.) ਸ਼੍ਰੀ ਚੌਧਰੀ ਨੇ ਦੱਸਿਆ ਕਿ ਉਕਤ ਘਟਨਾ ਦੀ ਜਾਣਕਾਰੀ ਨਵੀਨ ਕੁਮਾਰ ਵੱਲੋਂ ਹੇਡੋ ਪੁਲਸ ਚੋਂਕੀ ਦੇ ਬਾਹਰ ਚੈਕਿੰਗ ਕਰ ਰਹੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ, ਇਹ ਦੋਵੇਂ ਮੁਲਜ਼ਮ ਖੋਹੀ ਗਈ ਕੈਬ ਨੂੰ ਲੈ ਕੇ ਨੇੜਲੇ ਪਿੰਡ ਕੋਟਲਾ ਸਮਸ਼ਪੁਰ ਵਿਖੇ ਵੜ ਗਏ। ਜਿੱੱਥੇ ਕਿ, ਸ਼ਕੀ ਵਿਅਕਤੀਆਂ ਦੇ ਪਿੰਡ ਵਿਚ ਆਉਣ ’ਤੇ ਪਿੰਡ ਵਾਸੀ ਚੁਕੰਨੇ ਹੋ ਗਏ ਅਤੇ ਇਨ੍ਹਾਂ ਨੂੰ ਘੇਰ ਲਿਆ ਗਿਆ। ਪਿੰਡ ਵਾਸੀਆਂ ਦੀ ਮੱਦਦ ਨਾਲ ਪੁਲਸ ਨੇ ਕਰਨ ਪੁੱਤਰ ਜਿੰਦਰ ਸਿੰਘ ਵਾਸੀ ਥਾਣਾ ਟਾਡਾ (ਹੁਸ਼ਿਆਰਪੁਰ) ਨੂੰ ਤਾਂ ਮੌਕੇ ’ਤੇ ਹੀ ਗਿ੍ਰਫਤਾਰ ਕਰ ਲਿਆ ਗਿਆ। ਪ੍ਰੰਤੂ ਉਸ ਦਾ ਦੂਜਾ ਸਾਥੀ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਕੁਲਵੰਤ ਸਿੰਘ ਵਾਸੀ ਜੀਰਾ ਰੋਡ ਮੋਗਾ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ।
ਜਿਸ ਨੂੰ ਤਿੰਨ ਘੰਟੇ ਬਾਅਦ ਹੀ ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਅਤੇ ਥਾਣਾ ਮੁੱਖੀ ਪਵਿੱਤਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਰੇਲਵੇ ਸਟੇਸ਼ਨ ਲੁਧਿਆਣਾ ਤੋਂ ਕਾਬੂ ਕਰ ਲਿਆ ਗਿਆ। ਇਨ੍ਹਾਂ ਵੱਲੋਂ ਲੁੱਟੀ ਗਈ ਕੈਬ ਨੂੰ ਵੀ ਪਿੰਡ ਕੋਟਲਾ ਸਮਸ਼ਪੁਰ ਤੋਂ ਹੀ ਬਰਾਮਦ ਕਰ ਲਿਆ ਗਿਆ, ਜਿਸ ਨੂੰ ਇਨ੍ਹਾਂ ਉੱਥੇ ਹੀ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ।
ਐੱਸ.ਪੀ. (ਡੀ.) ਚੌਧਰੀ ਨੇ ਦੱਸਿਆ ਕਿ, ਇਸ ਵੱਡੀ ਲੁੱਟ ਦੀ ਵਾਰਦਾਤ ਨੂੰ ਪਿੰਡ ਕੋਟਲਾ ਸਮਸ਼ਪੁਰ ਨਿਵਾਸੀਆਂ ਦੀ ਹਿੰਮਤ ਅਤੇ ਦਿਲੇਰੀ ਸਦਕਾ ਹੀ ਪੁਲਸ ਤਿੰਨ ਘੰਟੇ ਵਿਚ ਹੀ ਹੱਲ ਕਰਨ ਵਿਚ ਕਾਮਯਾਬ ਰਹੀ ਹੈ। ਉਨ੍ਹਾਂ ਦੱਸਿਆ ਕਿ, ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਪਿੰਡ ਦੇ ਸਰਪੰਚ ਮਨਦੀਪ ਸਿੰਘ, ਰਵਜੋਤ ਸਿੰਘ ਕੰਗ, ਹਰਨਾਮ ਸਿੰਘ, ਗਗਨ ਅਤੇ ਹੋਰ ਪਿੰਡ ਵਾਸੀਆਂ ਦਾ ਵੱਡਾ ਰੋਲ ਰਿਹਾ ਹੈ। ਉਨ੍ਹਾਂ ਆਮ ਪਬਲਿਕ ਨੂੰ ਅਪੀਲ ਕੀਤੀ ਕਿ, ਇਸ ਪਿੰਡ ਦੇ ਲੋਕਾਂ ਵੱਲੋਂ ਵਿਖਾਈ ਗਈ ਬਹਾਦਰੀ ਤੋਂ ਹੋਰ ਲੋਕ ਵੀ ਪ੍ਰੇਰਿਤ ਹੋਣ, ਤਾਕਿ ਪੁਲਸ ਲੋਕਾਂ ਦੇ ਸਹਿਯੋਗ ਨਾਲ ਜੁਰਮ ਨੂੰ ਖਤਮ ਕਰ ਸਕੇ। ਗਿ੍ਰਫਤਾਰ ਕੀਤੇ ਗਏ ਇਨ੍ਹਾਂ ਦੋਸ਼ੀਆਂ ਤੋਂ ਢੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਗੁਰਜੰਟ ਸਿੰਘ ਦੇ ਖਿਲਾਫ਼ ਪਹਿਲਾ ਵੀ ਮੋਗਾ ਵਿਖੇ ਕਤਲ ਦਾ ਇੱਕ ਮਾਮਲਾ ਦਰਜ ਹੈ।









