ਹਰਿਆਣਾ ਦੇ ਮੁੱਖ ਮੰਤਰੀ ਸ. ਨਾਇਬ ਸਿੰਘ ਸੈਣੀ ਭਲਕੇ ਪੰਚਕੂਲਾ ਦੇ ਇੰਦਰਧਨੁਸ਼ ਆਡੀਟੋਰੀਅਮ ਵਿੱਚ ਮੌਜੂਦਾ ਸੂਬਾ ਸਰਕਾਰ ਦੇ ਇੱਕ ਸਾਲ ਪੂਰੇ ਹੋਣ ਮੌਕੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਨਗੇ। ਇਹ ਸਮਾਗਮ ਆਉਣ ਵਾਲੇ ਸਾਲਾਂ ਲਈ ਸਰਕਾਰ ਦੀਆਂ ਮੁੱਖ ਪ੍ਰਾਪਤੀਆਂ, ਪ੍ਰਮੁੱਖ ਪਹਿਲਕਦਮੀਆਂ ਅਤੇ ਰੋਡਮੈਪ ਨੂੰ ਉਜਾਗਰ ਕਰੇਗਾ।
ਇਸ ਸਬੰਧ ਵਿਚ ਮੁੱਖ ਸਕੱਤਰ ਸ. ਅਨੁਰਾਗ ਰਸਤੋਗੀ ਨੇ ਅੱਜ ਜਸ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਜ਼ਿਲ੍ਹਾ ਪੱਧਰੀ ਪ੍ਰੋਗਰਾਮਾਂ ਦਾ ਆਯੋਜਨ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਤੋਂ ਬਾਅਦ ਸੂਬਾ ਪੱਧਰੀ ਸਮਾਗਮ ਤੋਂ ਮੁੱਖ ਮੰਤਰੀ ਦੇ ਸੰਬੋਧਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਮੁੱਖ ਮੰਤਰੀ ਸ. ਨਾਇਬ ਸਿੰਘ ਸੈਣੀ ਸਮਾਗਮ ਦੌਰਾਨ ਪੰਚਾਇਤਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਵਿਕਾਸ ਗ੍ਰਾਂਟਾਂ ਦੀ ਵੰਡ ਕਰਨਗੇ ਅਤੇ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ 2.0 (ਫੇਜ਼-2) ਅਧੀਨ ਲਾਭਪਾਤਰੀਆਂ ਨੂੰ ਪਲਾਟ ਅਲਾਟਮੈਂਟ ਪੱਤਰ ਸੌਂਪਣਗੇ।
ਮੁੱਖ ਸਕੱਤਰ ਨੇ ਸੁਚਾਰੂ ਪ੍ਰਬੰਧਾਂ, ਵਿਆਪਕ ਜਨ ਭਾਗੀਦਾਰੀ ਨੂੰ ਯਕੀਨੀ ਬਣਾਉਣ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਰਾਜ ਅਤੇ ਜ਼ਿਲ੍ਹਾ ਪੱਧਰਾਂ ‘ਤੇ ਸਹੀ ਢੰਗ ਨਾਲ ਪ੍ਰਸਾਰਿਤ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਵਿਭਾਗਾਂ ਨੂੰ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸੁਰੱਖਿਆ, ਮੀਡੀਆ ਕਵਰੇਜ, ਪਬਲਿਕ ਆਊਟਰੀਚ ਅਤੇ ਆਨ-ਗਰਾਊਂਡ ਲੋਜਿਸਟਿਕਸ ਲਈ ਪ੍ਰਭਾਵਸ਼ਾਲੀ ਢੰਗ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ।
ਡਾਇਰੈਕਟਰ ਜਨਰਲ, ਸੂਚਨਾ, ਲੋਕ ਸੰਪਰਕ, ਭਾਸ਼ਾਵਾਂ ਅਤੇ ਸੱਭਿਆਚਾਰ, ਸ਼. ਕੇ. ਮਕਰੰਦ ਪਾਂਡੁਰੰਗ ਨੇ ਦੱਸਿਆ ਕਿ ਇਸ ਮੌਕੇ ਮੁੱਖ ਮੰਤਰੀ ਵੱਲੋਂ ਸੂਬਾ ਸਰਕਾਰ ਦੀਆਂ ਇੱਕ ਸਾਲ ਦੀਆਂ ਪ੍ਰਾਪਤੀਆਂ ਬਾਰੇ ਇੱਕ ਕੌਫੀ ਟੇਬਲ ਬੁੱਕ/ਬੁੱਕਲੈਟ ਵੀ ਲਾਂਚ ਕੀਤਾ ਜਾਵੇਗਾ।
ਕਮਿਸ਼ਨਰ ਅਤੇ ਸਕੱਤਰ, ਹਾਊਸਿੰਗ ਫਾਰ ਆਲ, ਮੁਹੰਮਦ ਸ਼ਾਇਨ, ਕਮਿਸ਼ਨਰ ਅਤੇ ਸਕੱਤਰ, ਉਦਯੋਗ ਅਤੇ ਵਣਜ, ਡਾ: ਅਮਿਤ ਕੁਮਾਰ ਅਗਰਵਾਲ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ, ਡਾ: ਸਾਕੇਤ ਕੁਮਾਰ, ਡਾਇਰੈਕਟਰ ਜਨਰਲ, ਸ਼ਹਿਰੀ ਸਥਾਨਕ ਸੰਸਥਾਵਾਂ, ਸ਼. ਪੰਕਜ, ਵਿਸ਼ੇਸ਼ ਸਕੱਤਰ, ਪ੍ਰਸੋਨਲ, ਸਿਖਲਾਈ ਅਤੇ ਸੰਸਦੀ ਮਾਮਲੇ, ਡਾ. ਅਦਿੱਤਿਆ ਦਹੀਆ ਅਤੇ ਹੋਰ ਸੀਨੀਅਰ ਅਧਿਕਾਰੀ ਮੀਟਿੰਗ ਵਿੱਚ ਹਾਜ਼ਰ ਸਨ ਜਦਕਿ ਡਿਪਟੀ ਕਮਿਸ਼ਨਰ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਏ।