ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ‘ਆਪ’ ਉਮੀਦਵਾਰ ਗੁਰਦੀਪ ਰੰਧਾਵਾ ਲਈ ਚੋਣ ਪ੍ਰਚਾਰ ਕੀਤਾ। ਮੁੱਖ ਮੰਤਰੀ ਨੇ ਕਲਾਨੌਰ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ‘ਆਪ’ ਉਮੀਦਵਾਰ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਲਾਨੌਰ ਦੇ ਪ੍ਰਸਿੱਧ ਸ਼ਿਵ ਮੰਦਰ ਵਿੱਚ ਵੀ ਪੂਜਾ ਅਰਚਨਾ ਕੀਤੀ।
ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਦਾਅਵਾ ਕੀਤਾ ਕਿ ਇਸ ਵਾਰ ਡੇਰਾ ਬਾਬਾ ਨਾਨਕ ‘ਚ ‘ਝਾੜੂ’ (ਆਪ ਦਾ ਪ੍ਰਤੀਕ) ਹਰ ਕੋਈ ਹੂੰਝਾ ਫੇਰ ਦੇਵੇਗਾ। ਸਾਰੀਆਂ ਸਰਵੇਖਣ ਰਿਪੋਰਟਾਂ ਸਾਡੀ ਜਿੱਤ ਦਾ ਸੰਕੇਤ ਦਿੰਦੀਆਂ ਹਨ। ਲੋਕਾਂ ਨੇ ਇਸ ਵਾਰ ਕਾਂਗਰਸ ਨੂੰ ਹਰਾਉਣ ਦਾ ਫੈਸਲਾ ਕੀਤਾ ਹੈ, ਕਿਉਂਕਿ ਉਨ੍ਹਾਂ ਨੇ ਕੋਈ ਕੰਮ ਨਹੀਂ ਕੀਤਾ ਅਤੇ ਸਿਰਫ ਸਥਾਨਕ ਲੋਕਾਂ ‘ਤੇ ਝੂਠੇ ਕੇਸ ਦਰਜ ਕੀਤੇ ਹਨ।
ਮਾਨ ਨੇ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸੁਖਜਿੰਦਰ ਰੰਧਾਵਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਜਲਦ ਹੀ ਉਨ੍ਹਾਂ ਦੀਆਂ ਸਾਰੀਆਂ ਕਰਤੂਤਾਂ ਦਾ ਪਰਦਾਫਾਸ਼ ਕਰਨਗੇ। ਇਨ੍ਹਾਂ ਲੋਕਾਂ ਨੇ ਪੰਜਾਬ ਨੂੰ ਲੁੱਟਿਆ ਹੈ। ਸੱਤਾ ਵਿੱਚ ਰਹਿੰਦਿਆਂ ਉਨ੍ਹਾਂ (ਰੰਧਾਵਾ) ਨੇ ਗੁਰਦਾਸਪੁਰ ਤੋਂ ਅੰਮ੍ਰਿਤਸਰ ਤੱਕ ਅਰਬਾਂ ਦੀ ਜਾਇਦਾਦ ਇਕੱਠੀ ਕੀਤੀ। ਰੰਧਾਵਾ ਦੀਆਂ ਫਾਈਲਾਂ ਮੇਰੇ ਕੋਲ ਹਨ। ਪ੍ਰਤਾਪ ਬਾਜਵਾ ‘ਤੇ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ ਲੋਕ ਨਿਰਮਾਣ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੇ ਪੰਜਾਬ ‘ਚ ਸਭ ਤੋਂ ਵੱਧ ਟੋਲ ਪਲਾਜ਼ੇ ਲਗਾਏ ਹਨ। ਮੁੱਖ ਮੰਤਰੀ ਬਣਨ ਤੋਂ ਲੈ ਕੇ ਹੁਣ ਤੱਕ ਮੈਂ 16 ਟੋਲ ਪਲਾਜ਼ੇ ਬੰਦ ਕੀਤੇ ਹਨ, ਜਿਸ ਨਾਲ ਰੋਜ਼ਾਨਾ 62 ਲੱਖ ਰੁਪਏ ਤੋਂ ਵੱਧ ਦੀ ਬੱਚਤ ਹੋਈ ਹੈ।