ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਅਬੋਹਰ ਤੇ ਬੱਲੂਆਣਾ ਵਿਧਾਨ ਸਭਾ ਹਲਕਿਆਂ ਵਿਚ ਪਿਛਲੇ ਇਕ ਮਹੀਨੇ ਤੋਂ ਚਲ ਰਹੇ ਹੜ੍ਹਾਂ ਦੇ ਹਾਲਾਤ ਕਾਰਨ ਜਿਹੜੇ ਬਾਗਵਾਨੀ ਤੇ ਕਿੰਨੂ ਬਾਗ ਉਤਪਾਦਕਾਂ ਦਾ ਨੁਕਸਾਨ ਹੋਇਆ ਹੈ, ਉਹਨਾਂ ਨੂੰ ਇਕ ਲੱਖ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਜਿਹੜੇ ਕਿਸਾਨਾਂ ਦਾ ਝੋਨੇ ਦਾ ਨੁਕਸਾਨ ਹੋਇਆ ਹੈ, ਉਹਨਾਂ ਨੂੰ 40 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਅਬੋਹਰ ਤੇ ਬੱਲੂਆਣਾ ਦੇ ਪੰਜਾਹ ਪਿੰਡਾਂ ਦਾ ਦੌਰਾ ਕੀਤਾ, ਨੇ ਹਰ ਪਿੰਡ ਵਿਚ ਤਿੰਨ ਤੋਂ ਚਾਰ ਪੰਪ ਪ੍ਰਦਾਨ ਕੀਤੇ ਅਤੇ ਇਸਦੇ ਨਾਲ ਹੀ ਹਰ ਪਿੰਡ ਵਿਚ ਸੈਂਕੜੇ ਮੀਟਰ ਦੀ ਪਲਾਸਟਿਕ ਪਾਈਪ ਪ੍ਰਦਾਨ ਕੀਤੀਆਂ ਤਾਂ ਜੋ ਪਾਣੀ ਕੱਢਿਆ ਜਾ ਸਕੇ। ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਉਹ ਜਿਥੇ ਲੋੜ ਹੈ ਉਥੇ ਮੈਡੀਕਲ ਕੈਂਪ ਲਗਵਾਵੇ ਅਤੇ ਉਹਨਾਂ ਨੇ ਪਾਰਟੀ ਕੇਡਰ ਨੂੰ ਵੀ ਅਪੀਲ ਕੀਤੀ ਕਿ ਦੁਧਾਰੂ ਪਸ਼ੂਆਂ ਲਈ ਚਾਰੇ ਅਤੇ ਪ੍ਰਭਾਵਤ ਲੋਕਾਂ ਵਾਸਤੇ ਖਾਣੇ ਪੈਕਟ ਦਾ ਇੰਤਜ਼ਾਮ ਕੀਤਾ ਜਾਵੇ।
ਅਕਾਲੀ ਦਲ ਦੇ ਪ੍ਰਧਾਨ ਨੇ ਕਿੰਨੂ ਉਤਪਾਦਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਿੰਨੂਆਂ ਦੇ ਬਾਗਾਂ ਨੂੰ ਸੈਂਕੜੇ ਏਕੜ ਵਿਚ ਉਜਾੜੇ ਵਾਸਤੇ ਛੱਡ ਦਿੱਤਾ ਗਿਆ ਹੈ ਕਿਉਂਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਉਹਨਾਂ ਵਾਸਤੇ ਹੜ੍ਹਾਂ ਦੀ ਮਾਰ ਤੋਂ ਬਚਾਅ ਲਈ ਸਮੇਂ ਸਿਰ ਕਦਮ ਚੁੱਕਣ ਵਿਚ ਨਾਕਾਮ ਰਹੀ ਹੈ। ਇਸ ਮੌਕੇ ਕਿਸਾਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਦੱਸਿਆ ਕਿ ਪਿਛਲੇ ਇਕ ਮਹੀਨੇ ਤੋਂ ਉਹਨਾਂ ਦੇ ਕਿੰਨੂ ਦੇ ਬਾਗ ਹੜ੍ਹਾਂ ਕਾਰਨ ਉਜੜ ਰਹੇ ਹਨ ਪਰ ਡਰੇਨੇਜ ਵਿਭਾਗ ਤੋਂ ਕਿਸੇ ਨੇ ਵੀ ਪਾਣੀ ਕੱਢਣ ਵਾਸਤੇ ਕੋਈ ਪਹਿਲਕਦਮੀ ਨਹੀਂ ਕੀਤੀ। ਪਿੰਡ ਦੀਆਂ ਔਰਤਾਂ, ਜਿਹਨਾਂ ਨੇ ਸਰਦਾਰ ਬਾਦਲ ਨਾਲ ਮੁਲਾਕਾਤ ਕੀਤੀ, ਨੇ ਅਫਸੋਸ ਪ੍ਰਗਟ ਕੀਤਾ ਕਿ ਉਹਨਾਂ ਨੂੰ ਆਪ ਸਰਕਾਰ ਬੁਨਿਆਦੀ ਰਾਹਤ ਸਹੂਲਤਾਂ ਪ੍ਰਦਾਨ ਕਰਨ ਤੋਂ ਵੀ ਇਨਕਾਰੀ ਹੈ।
ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਆਪ ਦੇ ਕਨਵੀਨਰ ਜੋ ਮੁਹਾਲੀ ਵਿਚ ਰਹਿ ਰਹੇ ਹਨ ਅਤੇ ਇਕ ਕਮਰੇ ਵਾਲੇ ਪ੍ਰਾਜੈਕਟਾਂ ਦਾ ਵੀ ਉਦਘਾਟਨ ਕਰ ਰਹੇ ਹਨ, ਨੇ ਦੋਹਾਂ ਜ਼ਿਲ੍ਹਿਆ ਵਿਚ ਹੜ੍ਹ ਮਾਰੇ ਇਲਾਕਿਆਂ ਦਾ ਦੌਰਾ ਕਰਨ ਤੋ ਨਾਂਹ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਕਿਸਾਨਾਂ ਨੂੰ ਆਸਰਾ ਨਹੀਂ ਦੇ ਸਕੇ ਜਿਹਨਾਂ ਦੇ ਖੇਤ ਹੜ੍ਹਾਂ ਦੇ ਪਾਣੀ ਵਿਚ ਡੁੱਬੇ ਹੋਏ ਹਨ। ਉਹਨਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹਨਾਂ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਮੁਤਾਬਕ ਹੁਣ ਤੱਕ ਕੋਈ ਅੰਤਰਿਮ ਰਾਹਤ ਦਾ ਐਲਾਨ ਕਿਉਂ ਨਹੀਂ ਕੀਤਾ। ਉਹਨਾਂ ਕਿਹਾ ਕਿ ਕੁਦਰਤੀ ਆਫਤ ਰਾਹਤ ਫੰਡ ਦੇ ਨਾਂ ’ਤੇ ਪੰਜਾਬ ਕੋਲ 5 ਤੋਂ 6 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਪਈ ਹੈ ਪਰ ਹਾਲੇ ਤੱਕ ਹੜ੍ਹ ਮਾਰੇ ਲੋਕਾਂ ਵਾਸਤੇ ਕੋਈ ਪੈਸਾ ਜਾਰੀ ਨਹੀਂ ਕੀਤਾ ਗਿਆ।
ਅਬੋਹਰ ਅਤੇ ਬੱਲੂਆਣਾ ਦੇ ਹਲਕਾ ਇੰਚਾਰਜ ਹਰਬਿੰਦਰ ਸਿੰਘ ਹੈਰੀ ਸੰਧੂ ਅਤੇ ਗੁਰਤੇਜ ਸਿੰਘ ਘੁੜਿਆਣਾ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਪ੍ਰਦਾਨ ਕੀਤੀਆਂ ਫੋਗ ਮਸ਼ੀਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ ਤਾਂ ਜੋ ਮਲੇਰੀਆ ਦੇ ਪਸਾਰ ਨੂੰ ਰੋਕਣ ਵਾਸਤੇ ਵਰਤੀਆਂ ਜਾ ਸਕਣ। ਇਹਨਾਂ ਆਗੂਆਂ ਨੇ ਕਿਹਾ ਕਿ ਉਹ ਨੁਕਸਾਨੇ ਗਏ ਟਰਾਂਸਫਾਰਮਰ ਛੇਤੀ ਤੋਂ ਛੇਤੀ ਠੀਕ ਕਰਵਾਉਣ ਲਈ ਯਤਨਸ਼ੀਲ ਹਨ ਤਾਂ ਜੋ ਬਿਜਲੀ ਸਪਲਾਈ ਬਹਾਲ ਕੀਤੀ ਜਾ ਸਕੇ।
ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਜਗਸੀਰ ਸਿੰਘ ਬੱਬੂ ਜੈਮਲਵਾਲਾ, ਕੌਰ ਸਿੰਘ, ਸਤਿੰਦਰਜੀਤ ਸਿੰਘ ਮੰਟਾ ਤੇ ਸੁਰੇਸ਼ ਸਤੀਜਾ ਵੀ ਹਾਜ਼ਰ ਸਨ। ਅਕਾਲੀ ਦਲ ਦੇ ਪ੍ਰਧਾਨ ਨੇ ਪਿੰਡ ਖੂਹੀ ਖੇੜਾ ਰੁਕਾਨਪੁਰਾ, ਪੱਟੀ ਬਿੱਲਾ, ਦਲਮੀਰ ਖੇੜਾ, ਜੰਡਵਾਲਾ ਹੰਵਾਂਤਾ, ਗਿੱਦੜਾਂਵਾਲੀ, ਦੀਵਾਨਖੇੜਾ ਅਤੇ ਖੂਹੀਆਂ ਸਰਵਰ ਦਾ ਵੀ ਦੌਰਾ ਕੀਤਾ।