ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸੁਹੀਆ ਕਲਾਂ ਵਿੱਚ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਕਿਸਾਨ ਮਹਾਂਪੰਚਾਇਤ ਦਾ ਆਯੋਜਨ ਕੀਤਾ ਗਿਆ। ਪਿੰਡ ਦੀ ਦਾਣਾ ਮੰਡੀ ਵਿੱਚ ਹੋਈ ਇਸ ਮਹਾਂਪੰਚਾਇਤ ਵਿੱਚ ਹਜ਼ਾਰਾਂ ਕਿਸਾਨਾਂ ਨੇ ਹਿੱਸਾ ਲਿਆ ਅਤੇ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਆਪਣੇ ਸੰਬੋਧਨ ਵਿੱਚ ਡੱਲੇਵਾਲ ਨੇ ਕਿਹਾ ਕਿ ਸਾਲ 2000 ਤੋਂ 2017 ਤੱਕ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (MSP) ਦਾ ਪੂਰਾ ਰੇਟ ਨਾ ਮਿਲਣ ਕਾਰਨ ਲਗਭਗ 45 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜਦੋਂ ਕਿ ਕਿਸਾਨਾਂ ਸਿਰ ਸਿਰਫ਼ 16 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਜਦੋਂ ਕਿਸਾਨਾਂ ਦੀ ਲੁੱਟ ਕਰਜ਼ੇ ਨਾਲੋਂ ਕਈ ਗੁਣਾ ਜ਼ਿਆਦਾ ਹੈ ਤਾਂ ਫਿਰ ਸਰਕਾਰ ਵੱਲੋਂ ਇਹ ਕਰਜ਼ਾ ਮੁਆਫ਼ ਕਿਉਂ ਨਹੀਂ ਕੀਤਾ ਜਾ ਸਕਦਾ।
ਡੱਲੇਵਾਲ ਨੇ ਕਿਹਾ ਕਿ ਐਮਐਸਪੀ ਗਰੰਟੀ ਨਾ ਮਿਲਣ ਕਰਕੇ ਹੁਣ ਤੱਕ 7 ਲੱਖ ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਇਸੇ ਲਈ ਕਿਸਾਨਾਂ ਦੀਆਂ ਮੁੱਖ ਮੰਗਾਂ ਐਮਐਸਪੀ ਗਰੰਟੀ ਕਾਨੂੰਨ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨਾ ਅਤੇ ਪੂਰੀ ਤਰ੍ਹਾਂ ਕਰਜ਼ਾ ਮੁਆਫ਼ੀ ਹਨ।
ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ 2027 ਦੀਆਂ ਚੋਣਾਂ ਨੇੜੇ ਆਉਣਗੀਆਂ, ਪਾਰਟੀਆਂ ਵੱਡੇ-ਵੱਡੇ ਦਾਅਵੇ ਕਰਨਗੀਆਂ, ਪਰ ਕਿਸਾਨਾਂ ਨੂੰ ਹੁਣ ਝੂਠੇ ਵਾਅਦਿਆਂ ਨਾਲ ਭਰਮਾਇਆ ਨਹੀਂ ਜਾ ਸਕਦਾ। ਉਨ੍ਹਾਂ ਦੁਹਰਾਇਆ ਕਿ ਇਹ ਅੰਦੋਲਨ ਗੈਰ-ਰਾਜਨੀਤਿਕ ਹੈ ਅਤੇ ਇਸ ਵਿੱਚ ਸਿਰਫ਼ ਉਹੀ ਸੰਗਠਨ ਹਿੱਸਾ ਲੈਣਗੇ ਜੋ ਐਮਐਸਪੀ ਕਾਨੂੰਨ, ਕਰਜ਼ਾ ਮੁਆਫੀ ਅਤੇ ਭੂਮੀ ਐਕਟ 2013 ਦੇ ਹੱਕ ਵਿੱਚ ਹਨ।
ਕਿਸਾਨ ਆਗੂ ਡੱਲੇਵਾਲ ਨੇ ਐਲਾਨ ਕੀਤਾ ਕਿ 25 ਅਗਸਤ ਨੂੰ ਦਿੱਲੀ ਵਿੱਚ ਕਿਸਾਨ ਮਹਾਂ ਰੈਲੀ ਕੀਤੀ ਜਾਵੇਗੀ। ਜਿਸ ਵਿੱਚ ਦੇਸ਼ ਭਰ ਦੇ ਕਿਸਾਨ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਇਹ ਲੜਾਈ ਸਿਰਫ਼ ਪੰਜਾਬ ਦੀ ਨਹੀਂ ਸਗੋਂ ਪੂਰੇ ਦੇਸ਼ ਦੇ ਕਿਸਾਨਾਂ ਦੀ ਹੈ ਅਤੇ ਹੁਣ ਇਹ ਆਵਾਜ਼ ਦਿੱਲੀ ਦੇ ਦਰਵਾਜ਼ਿਆਂ ਤੱਕ ਪਹੁੰਚੇਗੀ।