ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਜਯੰਤੀ ਮਾਜਰੀ, ਗੁੜਾ, ਕਸੌਲੀ, ਭਗਿੰਡੀ ਅਤੇ ਕਰੌਂਦੇ ਵਾਲਾ ਪਿੰਡਾਂ ਦਾ ਜਾਇਜ਼ਾ ਲਿਆ। ਇਹਨਾਂ ਪਿੰਡਾਂ ਦੀ ਪਹੁੰਚ ਸੜਕ ਜਯੰਤੀ ਕੀ ਰਾਓ ਨਾਲੇ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਈ ਸੀ। ਡਿਪਟੀ ਕਮਿਸ਼ਨਰ ਨੇ ਆਪਣੇ ਨਾਲ ਮੌਜੂਦ ਡਰੇਨੇਜ ਵਿਭਾਗ ਲੋਕ ਨਿਰਮਾਣ ਵਿਭਾਗ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬਿਨਾਂ ਦੇਰੀ ਇਹਨਾਂ ਪੰਜਾਂ ਪਿੰਡਾਂ ਦੇ ਲੋਕਾਂ ਲਈ ਇੱਕੋ ਇੱਕ ਰਸਤੇ ਨੂੰ ਤੁਰੰਤ ਆਰਜ਼ੀ ਤੌਰ ‘ਤੇ ਬਣਾਇਆ ਜਾਵੇ।
ਉਨਾਂ ਨੇ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਥਾਈ ਹੱਲ ਲਈ ਜਯੰਤੀ ਕੀ ਰਾਓ ਨਾਲੇ ਤੇ ਤਿੰਨ ਪੁੱਲ ਬਣਾਉਣ ਦਾ ਐਸਟੀਮੇਟ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ ਅਤੇ ਇਸ ਨੂੰ ਮਨਜ਼ੂਰੀ ਮਿਲਣ ‘ਤੇ ਇਹਨਾਂ ਪੁੱਲਾਂ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ। ਡਿਪਟੀ ਕਮਿਸ਼ਨਰ ਦੇ ਨਾਲ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ, ਐਸਡੀਐਮ ਖਰੜ ਦਿਵਿਆ ਪੀ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵਿਵੇਕ ਦੁਰੇਜਾ, ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਖੁਸ਼ਵਿੰਦਰ ਸਿੰਘ, ਪਾਵਰਕਾਮ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਇਨ੍ਹਾਂ ਸਾਰੇ ਪਿੰਡਾਂ ਦੇ ਅੰਦਰ ਤੱਕ ਜਾ ਕੇ, ਲੋਕਾਂ ਦੀਆਂ ਮੁਸ਼ਕਿਲਾਂ ਜਾਣੀਆਂ, ਜਿਨ੍ਹਾਂ ਵਿੱਚ ਮੋਬਾਇਲ ਕਨੈਕਟੀਵਿਟੀ, ਕਰੌਂਦੇ ਵਾਲਾ ਤੋਂ ਉੱਪਰ ਨੂੰ ਜਾਂਦੇ ਰਸਤੇ ਦੇ ਨਿਰਮਾਣ ਵਿੱਚ ਵਣ ਵਿਭਾਗ ਦੀ ਕਲੀਅਰੈਂਸ ਨਾ ਮਿਲਣ ਕਾਰਨ ਆਈ ਅੜਚਣ ਅਤੇ ਪਿੰਡ ਵਾਸੀਆਂ ਦੇ ਹੋਰ ਮੁੱਦੇ ਸ਼ਾਮਿਲ ਸਨ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਇਹਨਾਂ ਵਿੱਚੋਂ ਤੁਰੰਤ ਹੱਲ ਹੋ ਜਾਣ ਵਾਲੇ ਮੁੱਦਿਆਂ ‘ਤੇ ਜਲਦ ਕਾਰਵਾਈ ਕਰ ਦਿੱਤੀ ਜਾਵੇਗੀ ਅਤੇ ਜਿਨ੍ਹਾਂ ਮੁਸ਼ਕਲਾਂ ਦੇ ਹੱਲ ਲਈ ਥੋੜਾ ਸਮਾਂ ਲੱਗੇਗਾ, ਉਸ ਲਈ ਪਿੰਡ ਵਾਸੀ, ਉਸ ਸਮੇਂ ਤੱਕ ਸਾਨੂੰ ਸਹਿਯੋਗ ਦੇਣ।
ਉਹਨਾਂ ਆਖਿਆ ਕਿ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਅਤੇ ਇਨ੍ਹਾਂ ਪਿੰਡਾਂ ਦੀ ਪਹੁੰਚ ਸੜਕ ਪਾਣੀ ਦੇ ਤੇਜ਼ ਵਹਾਅ ਕਾਰਨ ਬਰਕਰਾਰ ਨਹੀਂ ਰਹਿ ਸਕੀ, ਜਿਸ ਦੇ ਪੱਕੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਯਤਨ ਆਰੰਭ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਇਸ ਦੇ ਨਾਲ ਹੀ ਤੇਜ਼ ਵਹਾ ਵਾਲੇ ਮੌਸਮੀ ਨਾਲਿਆਂ ਵਿੱਚ ਆਫਰੋਡਿੰਗ ਜਿਹੀਆਂ ਗਤੀਵਿਧੀਆਂ ਕਰਨ ਵਾਲੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਅਜਿਹਾ ਕਰਕੇ ਆਪਣੀਆਂ ਜਾਨਾਂ ਖਤਰੇ ਵਿੱਚ ਨਾ ਪਾਉਣ। ਜੇਕਰ ਫਿਰ ਵੀ ਉਹ ਅਜਿਹਾ ਕਰਨ ਤੋਂ ਨਹੀਂ ਹਟਦੇ ਤਾਂ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਲੋਕਾਂ ਨੂੰ ਮੌਸਮੀ ਨਦੀਆਂ/ਨਾਲਿਆਂ ਵਿੱਚ ਤੇਜ਼ ਵਹਾਅ ਦੇ ਮੱਦੇਨਜ਼ਰ ਇਨ੍ਹਾਂ ਨਾਲਿਆਂ ਦੇ ਨੇੜੇ ਖੁਦ ਅਤੇ ਆਪਣੇ ਬੱਚਿਆਂ ਨੂੰ ਜਾਣ ਤੋਂ ਰੋਕਣ ਦੀ ਅਪੀਲ ਵੀ ਕੀਤੀ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਬਰਸਾਤਾਂ ਦੌਰਾਨ ਪੀਣ ਵਾਲਾ ਪਾਣੀ ਚੰਗੀ ਤਰ੍ਹਾਂ ਉਬਾਲਣ ਤੋਂ ਬਾਅਦ ਠੰਡਾ ਕਰਕੇ ਪੀਣ ਅਤੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾ ਰੱਖਣ ਲਈ ਸਾਵਧਾਨੀਆਂ ਅਪਣਾਉਣ ਦੀ ਅਪੀਲ ਕੀਤੀ।