ਤੜਕਸਾਰ ਘਰਾਂ ‘ਚ ਵਿਛੇ ਸੱਥਰ, ਸੜਕ ਹਾਦਸੇ ‘ਚ 2 ਨਾਬਾਲਗ ਦੋਸਤਾਂ ਦੀ ਮੌਤ, ਤੂੜੀ ਵਾਲੀ ਟਰਾਲੀ

0
1201

ਫਤਿਹਗੜ੍ਹ ਚੂੜੀਆਂ-ਡੇਰਾ ਬਾਬਾ ਨਾਨਕ ਹਾਈਵੇਅ ‘ਤੇ ਹੋਏ ਸੜਕ ਹਾਦਸੇ ਵਿੱਚ ਦੋ ਨਾਬਾਲਗਾਂ ਦੀ ਮੌਤ ਹੋ ਗਈ। ਇਹ ਹਾਦਸਾ ਦੇਰ ਰਾਤ ਪਿੰਡ ਨਿਕੋਸਰਾ ਨੇੜੇ ਵਾਪਰਿਆ। ਮ੍ਰਿਤਕਾਂ ਦੀ ਪਛਾਣ 15 ਸਾਲਾ ਮਨਜੋਤ ਸਿੰਘ (ਪਿਤਾ ਰਣਜੀਤ ਸਿੰਘ) ਅਤੇ 14 ਸਾਲਾ ਸ਼ੁਭਦੀਪ ਸਿੰਘ (ਪਿਤਾ ਰਾਜਬੀਰ ਸਿੰਘ) ਵਜੋਂ ਹੋਈ ਹੈ, ਜੋ ਪਿੰਡ ਚੱਕ ਮਹਿਮਾ ਦੇ ਵਸਨੀਕ ਹਨ।

ਜਾਣਕਾਰੀ ਅਨੁਸਾਰ ਬੱਚਿਆਂ ਦਾ ਮੋਟਰਸਾਈਕਲ ਸੜਕ ਦੇ ਵਿਚਕਾਰ ਪਲਟੀ ਤੂੜੀ ਵਾਲੀ ਟਰਾਲੀ ਨਾਲ ਟਕਰਾ ਗਿਆ, ਜਿਸ ਕਾਰਨ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਨਾਬਾਲਗਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਟਰੈਕਟਰ-ਟਰਾਲੀ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪਰਿਵਾਰ ਅਨੁਸਾਰ ਦੋਵੇਂ ਮੁੰਡੇ ਚੰਗੇ ਦੋਸਤ ਸਨ ਤੇ ਰਾਤ 9 ਵਜੇ ਦੇ ਕਰੀਬ ਪੈਟਰੋਲ ਲੈਣ ਲਈ ਨਿਕੋਸਰਾ ਪਿੰਡ ਦੇ ਪੈਟਰੋਲ ਪੰਪ ਜਾ ਰਹੇ ਸਨ। ਇਸ ਦੌਰਾਨ, ਜਦੋਂ ਉਹ ਡੇਰਾ ਬਾਬਾ ਨਾਨਕ ਰੋਡ ‘ਤੇ ਪਹੁੰਚ ਰਹੇ ਸਨ, ਤਾਂ ਉਨ੍ਹਾਂ ਦੀ ਮੋਟਰਸਾਈਕਲ ਸੜਕ ‘ਤੇ ਪਲਟੀ ਹੋਈ ਤੂੜੀ ਨਾਲ ਭਰੀ ਟਰਾਲੀ ਨਾਲ ਟਕਰਾਅ ਗਈ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਹਾਦਸੇ ਤੋਂ ਬਾਅਦ ਟਰੈਕਟਰ ਟਰਾਲੀ ਚਾਲਕ ਮੌਕੇ ਤੋਂ ਭੱਜ ਗਿਆ। ਉਨ੍ਹਾਂ ਕਿਹਾ ਕਿ ਤੂੜੀ ਨਾਲ ਭਰੀ ਟਰਾਲੀ ਪਹਿਲਾਂ ਹੀ ਸੜਕ ‘ਤੇ ਪਲਟ ਗਈ ਸੀ, ਪਰ ਇਸਨੂੰ ਸਮੇਂ ਸਿਰ ਨਹੀਂ ਹਟਾਇਆ ਗਿਆ। ਜੇ ਪ੍ਰਸ਼ਾਸਨ ਜਾਂ ਜ਼ਿੰਮੇਵਾਰ ਲੋਕ ਸੜਕ ਸਾਫ਼ ਕਰਵਾਉਂਦੇ ਤਾਂ ਇਹ ਹਾਦਸਾ ਟਲ ਸਕਦਾ ਸੀ।

ਪਰਿਵਾਰ ਨੇ ਟਰਾਲੀ ਚਾਲਕ ਦੀ ਲਾਪਰਵਾਹੀ ਨੂੰ ਹਾਦਸੇ ਦਾ ਵੱਡਾ ਕਾਰਨ ਮੰਨਿਆ ਹੈ ਅਤੇ ਉਸ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ।

 

LEAVE A REPLY

Please enter your comment!
Please enter your name here