ਅੰਮ੍ਰਿਤਸਰ ਜ਼ਿਲੇ ਵਿੱਚ ਈਜ਼ੀ ਰਜਿਸਟਰੀ 4 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸਬੰਧੀ ਸਰਕਾਰ ਵੱਲੋਂ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ। ਪਹਿਲਾਂ 1 ਜੁਲਾਈ ਤੋਂ ਟ੍ਰਾਇਲ ਸ਼ੁਰੂ ਕਰਨ ਦੀ ਯੋਜਨਾ ਸੀ, ਪਰ ਹੁਣ ਨਵੇਂ ਹੁਕਮਾਂ ਨਾਲ ਸਪਸ਼ਟਤਾ ਆ ਗਈ ਹੈ। ਇਸ ਤਹਿਤ ਰਜਿਸਟਰੀ ਦਫ਼ਤਰ-3 ਨੂੰ ਦਫ਼ਤਰ-2 ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਤਿੰਨ ਦਫ਼ਤਰਾਂ ਵਿੱਚ ਕਰਮਚਾਰੀਆਂ, ਵਕੀਲਾਂ ਅਤੇ ਹੋਰ ਸਟਾਫ ਲਈ ਵੱਖ-ਵੱਖ ਬੈਠਣ ਦੇ ਪ੍ਰਬੰਧ ਕੀਤੇ ਗਏ ਹਨ।
ਈਜ਼ੀ-ਰਜਿਸਟਰੀ ਦਾ ਨਵਾਂ ਸ਼ਡਿਊਲ
ਮਿਲੀ ਜਾਣਕਾਰੀ ਅਨੁਸਾਰ ਫਤਿਹਗੜ੍ਹ ਸਾਹਿਬ ਵਿਚ 2 ਜੁਲਾਈ, ਮਾਨਸਾ ਵਿਚ 2 ਜੁਲਾਈ, ਐੱਸ. ਬੀ. ਐੱਸ. ਨਗਰ ਵਿਚ 2 ਜੁਲਾਈ, ਜਲੰਧਰ ਵਿਚ 2 ਜੁਲਾਈ, ਪਠਾਨਕੋਟ ਵਿਚ 2 ਜੁਲਾਈ, ਸੰਗਰੂਰ ਵਿਚ 2 ਜੁਲਾਈ, ਬਠਿੰਡਾ ਵਿਚ 4 ਜੁਲਾਈ, ਰੂਪਨਗਰ ਵਿਚ 4 ਜੁਲਾਈ, ਕਪੂਰਥਲਾ ਵਿਚ 4 ਜੁਲਾਈ, ਮਾਲੇਰਕੋਟਲਾ ਵਿਚ 4 ਜੁਲਾਈ, ਫਰੀਦਕੋਟ ਵਿਚ 7 ਜੁਲਾਈ, ਫਾਜ਼ਿਲਕਾ ਵਿਚ 7 ਜੁਲਾਈ, ਹੁਸ਼ਿਆਰਪੁਰ ਵਿਚ 7 ਜੁਲਾਈ, ਮੋਗਾ ਵਿਚ 7 ਜੁਲਾਈ, ਪਟਿਆਲਾ ਵਿਚ 7 ਜੁਲਾਈ, ਬਰਨਾਲਾ ਵਿਚ 7 ਜੁਲਾਈ, ਮੁਕਤਸਰ ਵਿਚ 7 ਜੁਲਾਈ ਅਤੇ ਗੁਰਦਾਸਪੁਰ, ਫਿਰੋਜ਼ਪੁਰ, ਲੁਧਿਆਣਾ ਅਤੇ ਤਰਨਤਾਰਨ ਵਿਚ 9 ਜੁਲਾਈ ਨੂੰ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
Easy Registry ਦੀ ਤਿਆਰੀ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸੋਮਵਾਰ ਨੂੰ ਕੈਬਿਨ ਬਣਾਉਣ ਸਬੰਧੀ ਸਖ਼ਤ ਆਦੇਸ਼ ਜਾਰੀ ਕੀਤੇ। ਇਸ ਕਾਰਨ ਰਜਿਸਟਰੀ ਦਫਤਰਾਂ ਵਿੱਚ ਨਵੇਂ ਕਰਮਚਾਰੀਆਂ ਲਈ ਕੈਬਿਨ ਬਣਾਉਣ ਦਾ ਕੰਮ ਰਾਤ ਭਰ ਚੱਲਦਾ ਰਿਹਾ। ਹਾਲਾਂਕਿ ਕੈਬਿਨ ਅਜੇ ਪੂਰੀ ਤਰ੍ਹਾਂ ਤਿਆਰ ਨਹੀਂ ਹੋਏ, ਦਰਵਾਜ਼ੇ ਲਾਉਣੇ ਬਾਕੀ ਹਨ। ਹੁਣ ਕਰਮਚਾਰੀਆਂ ਨੂੰ ਤਿੰਨ ਦਿਨ ਦਾ ਸਮਾਂ ਮਿਲ ਗਿਆ ਹੈ ਤਾਂ ਜੋ ਸਾਰਾ ਕੰਮ ਸਹੂਲਤ ਨਾਲ ਮੁਕੰਮਲ ਕੀਤਾ ਜਾ ਸਕੇ।
ਜਾਣੋ ਕੀ ਹੈ ਨਵਾਂ ਸਿਸਟਮ
ਪੁਰਾਣੇ ਸਿਸਟਮ ਅਨੁਸਾਰ ਰਜਿਸਟਰੀਆਂ ਦਾ ਕੰਮ ਐਨ.ਜੀ.ਡੀ.ਆਰ.ਐੱਸ. ਪੋਰਟਲ ਰਾਹੀਂ ਹੁੰਦਾ ਸੀ, ਪਰ ਹੁਣ ਈਜ਼ੀ ਰਜਿਸਟਰੀ ਲਈ ਨਵਾਂ ਪੋਰਟਲ ਬਣਾਇਆ ਗਿਆ ਹੈ। 4 ਜੁਲਾਈ ਤੋਂ ਇਸਦਾ ਸਾਫਟ ਲਾਂਚ ਕੀਤਾ ਜਾਵੇਗਾ, ਪਰ ਇਹ ਅਜੇ ਸਪਸ਼ਟ ਨਹੀਂ ਕਿ ਕਿਹੜਾ ਪੋਰਟਲ ਵਰਤਿਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਪੋਰਟਲ ਚਲਾਏ ਜਾਣਗੇ ਤਾਂ ਜੋ ਨਵੇਂ ਸਿਸਟਮ ‘ਚ ਕੋਈ ਗੜਬੜ ਆਵੇ ਤਾਂ ਲੋਕਾਂ ਨੂੰ ਦਿੱਕਤ ਨਾ ਹੋਵੇ।
ਮੰਨਿਆ ਜਾ ਰਿਹਾ ਹੈ ਕਿ ਸਾਫਟ ਲਾਂਚ ਦੌਰਾਨ ਦੋਵਾਂ ਪੋਰਟਲਾਂ ’ਤੇ ਕੰਮ ਕੀਤਾ ਜਾਵੇਗਾ ਤਾਂ ਜੋ ਨਵੇਂ ਪੋਰਟਲ ’ਤੇ ਕੋਈ ਸਮੱਸਿਆ ਆਉਂਦੀ ਹੈ ਤਾਂ ਰਜਿਸਟਰੀਆਂ ਦਾ ਕੰਮ ਨਾ ਰੋਕਣਾ ਪਵੇ ।
ਇਸ ਪ੍ਰਣਾਲੀ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਹਰ ਜਾਣਕਾਰੀ ਮੋਬਾਈਲ ’ਤੇ ਮਿਲਿਆ ਕਰੇਗੀ ਅਤੇ ਇਹ ਪ੍ਰਣਾਲੀ ਤੇਜ਼ ਅਤੇ ਪਾਰਦਰਸ਼ੀ ਹੋਵੇਗੀ। ਦਸਤਾਵੇਜ਼ ਤਿਆਰ ਕਰਨ ਲਈ ਹੈਲਪਲਾਈਨ ਨੰਬਰ 1076 ਰਾਹੀਂ ਸੇਵਾ ਸਹਾਇਕਾਂ ਨੂੰ ਘਰ ਵੀ ਬੁਲਾਇਆ ਜਾ ਸਕਦਾ ਹੈ। ਇਸ ਨਾਲ ਪਿੰਡਾਂ ਵਿੱਚ ਜਾਂ ਦੂਰ ਦੁਰਾਡੇ ਰਹਿਣ ਵਾਲੇ ਪਰਿਵਾਰਾਂ, ਸੀਨੀਅਰ ਨਾਗਰਿਕਾਂ, ਕੰਮਕਾਜ ਵਾਲੇ ਪੇਸ਼ੇਵਰਾਂ ਅਤੇ ਬਾਹਰ ਨਾ ਜਾ ਸਕਣ ਵਾਲਿਆਂ ਨੂੰ ਵੱਡੀ ਸਹੂਲਤ ਮਿਲੇਗੀ।