ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਲਈ ਅੱਜ (ਸੋਮਵਾਰ 3 ਨਵੰਬਰ) ਨੂੰ ਬਾਅਦ ਦੁਪਹਿਰ 1:00 ਵਜੇ ਜਨਰਲ ਹਾਊਸ ਇਜਲਾਸ ਹੋਵੇਗਾ, ਜਿਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਐਸਜੀਪੀਸੀ ਚੋਣਾਂ ਲਈ ਜਨਰਲ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸੱਦਿਆ ਗਿਆ ਹੈ। ਦੱਸ ਦਈਏ ਕਿ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਕੁੱਲ 148 ਮੈਂਬਰ ਵੋਟਿੰਗ ਕਰਨਗੇ।
ਐਸਜੀਪੀਸੀ ਜਨਰਲ ਹਾਊਸ ਦੇ ਕੁੱਲ ਕਿੰਨੇ ਮੈਂਬਰ : ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵਿੱਚ ਕੁੱਲ 185 ਮੈਂਬਰ ਹੁੰਦੇ ਹਨ, ਜਿਨ੍ਹਾਂ ਵਿਚੋਂ 170 ਵੋਟਾਂ ਰਾਹੀਂ ਚੁਣੇ ਜਾਂਦੇ ਹਨ, ਜਦਕਿ 15 ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ। ਹਾਲਾਂਕਿ, ਮੌਜੂਦਾ ਸਮੇਂ ਹਾਊਸ ਦੇ 148 ਮੈਂਬਰ ਸਰਗਰਮ ਹਨ, ਕਿਉਂਕਿ 33 ਮੈਂਬਰਾਂ ਦਾ ਅਕਾਲ ਚਲਾਣਾ ਹੋ ਚੁੱਕਿਆ ਹੈ ਅਤੇ 4 ਮੈਂਬਰ ਅਸਤੀਫਾ ਦੇ ਚੁੱਕੇ ਹਨ।
ਕਿਵੇਂ ਹੁੰਦੀ ਹੈ ਪ੍ਰਧਾਨ ਦੀ ਚੋਣ ?
ਹਾਊਸ ਦੀ ਕਾਰਵਾਈ ਸ਼ੁਰੂ ਹੋਣ ‘ਤੇ ਕਿਸੇ ਇੱਕ ਮੈਂਬਰ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਦੇ ਨਾਮ ਦਾ ਐਲਾਨ ਕੀਤਾ ਜਾਂਦਾ ਹੈ, ਜਦਕਿ ਇੱਕ-ਇੱਕ ਮੈਂਬਰਾਂ ਵੱਲੋਂ ਉਸ ਦੀ ਤਾਈਦ ਮਜੀਦ ਕੀਤੀ ਜਾਂਦੀ ਹੈ, ਪਰ ਜੇ ਦੂਸਰੀ ਧਿਰ ਵੀ ਅਪਣਾ ਉਮੀਦਵਾਰ ਖੜਾ ਕਰਦੀ ਹੈ ਭਾਵ ਸਰਵਸੰਮਤੀ ਨਹੀਂ ਹੁੰਦੀ ਤਾਂ ਵੋਟਾਂ ਰਾਹੀਂ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ।
ਵੋਟਾਂ ਪੈਣ ਦੇ ਹਾਲਾਤ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵੱਲੋਂ ਪੋਲਿੰਗ ਬੂਥ ਅਤੇ ਹੋਰ ਤਿਆਰੀਆਂ ਵੀ ਮੁਕੰਮਲ ਕੀਤੀਆਂ ਹੋਈਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਸਰਬ ਸੰਮਤੀ ਦੀ ਕਾਮਨਾ ਕੀਤੀ ਹੈ।









