ਫੂਡ ਸੇਫਟੀ ਟੀਮ ਜਲੰਧਰ ਵੱਲੋ ਤਿਉਹਾਰਾਂ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਅਤੇ ਮਾਣਯੋਗ ਕਮਿਸ਼ਨਰ ਫੂਡ ਅਤੇ ਡਰੱਗਸ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਾਕਟਰ ਸੁਖਵਿੰਦਰ ਸਿੰਘ ਜ਼ਿਲ੍ਹਾ ਸਿਹਤ ਅਫਸਰ ਦੀ ਅਗਵਾਈ ਅਧੀਨ ਜ਼ਿਲ੍ਹੇ ਦੇ ਵੱਖ -ਵੱਖ ਹਿਸਿਆਂ ਵਿੱਚ ਲਗਾਤਾਰ ਖਾਣ ਪੀਣ ਵਾਲੇ ਪਦਾਰਥਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਇਸ ਮਿਸ਼ਨ ਨੂੰ ਅੱਗੇ ਜਾਰੀ ਰੱਖਦੇ ਹੋਏ ਅੱਜ ਫੂਡ ਟੀਮ ਜਲੰਧਰ ਜਿਸ ਵਿੱਚ ਰੋਬਿਨ ਕੁਮਾਰ ਫੂਡ ਸੇਫਟੀ ਅਫਸਰ ਨੇ ਸਪੈਸ਼ਲ ਨਾਕੇ ਦੌਰਾਨ ਜਲੰਧਰ ਕੈਂਟ ਖੇਤਰ ਤੋ ਇੱਕ ਬੋਲੈਰੋ ਗੱਡੀ ਦੀ ਚੈਕਿੰਗ ਕੀਤੀ ਜੋ ਕਿ ਬਰਨਾਲਾ ਜ਼ਿਲ੍ਹੇ ਤੋਂ ਆਈ ਸੀ। ਚੈਕਿੰਗ ਦੌਰਾਨ ਗੱਡੀ ਵਿੱਚ 130 ਕਿਲੋ ਸ਼ੱਕੀ ਪਨੀਰ ਪਾਇਆ ਗਿਆ। ਮੌਕੇ ‘ਤੇ ਪਨੀਰ ਦੇ ਸੈਪਲ ਲਏ ਗਏ ਅਤੇ 130 ਕਿਲੋ ਪਨੀਰ ਜਬਤ ਕਰ ਲਿਆ ਗਿਆ। ਲਏ ਗਏ ਸੈਂਪਲ ਸਟੇਟ ਫੂਡ ਲੈਬੋਰਟਰੀ ਵਿੱਚ ਭੇਜ ਦਿਤੇ ਗਏ ਹਨ ਅਤੇ ਲੈਬੋਰਟਰੀ ਦੀ ਰਿਪੋਰਟ ਆਉਣ ਤੋ ਬਾਅਦ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ।
ਡਾਕਟਰ ਸੁਖਵਿੰਦਰ ਸਿੰਘ ਨੇ ਫੂਡ ਨਾਲ ਸਬੰਧਤ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਹਰ ਇੱਕ ਫੂਡ ਵਿਕਰੇਤਾਂ ਦਾ ਫੂਡ ਲਾਇਸੈਂਸ ਹੋਣਾ ਲਾਜ਼ਮੀ ਹੈ। ਸਾਫ਼ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ, ਫੂਡ ਪ੍ਰਤੀ ਕਿਸੇ ਤਰ੍ਹਾਂ ਦੀ ਗੰਦਗੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਖਾਣ ਪੀਣ ਵਾਲੇ ਪਦਾਰਥਾਂ ਵਿੱਚ ਕਿਸੇ ਵੀ ਤਰੀਕੇ ਨਾਲ ਗ਼ਲਤ ਮਿਲਾਵਟ ਨਾ ਕੀਤੀ ਜਾਵੇ।
ਅਗਰ ਕੋਈ ਵੀ ਫੂਡ ਵਿਕਰੇਤਾਂ ਵਗੈਰ ਲਾਇਸੈਂਸ,ਗੰਦਗੀ, ਮਿਲਾਵਟ ਕਰਦਾ ਜਾਂ ਫੂਡ ਸੇਫਟੀ ਦੇ ਨਿਯਮਾਂ ਦੀ ਉਲੰਘਣਾ ਕਰਦੇ ਫੜਿਆ ਗਿਆ ਤਾਂ ਉਸ ਖਿਲਾਫ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਜਲੰਧਰ ਵਾਸੀਆਂ ਨੂੰ ਸੁਰੱਖਿਅਤ, ਸਾਫ ਸੁਥਰਾ, ਸਿਹਤਮੰਦ ਅਤੇ ਸ਼ੁੱਧ ਭੋਜਨ ਨੂੰ ਯਕੀਨੀ ਬਣਾਉਣ ਲਈ ਭਵਿੱਖ ਵਿੱਚ ਵੀ ਜਾਂਚ ਮੁਹਿੰਮ ਜਾਰੀ ਰੱਖੀ ਜਾਵੇਗੀ।