ਪੰਜਾਬ ਕਾਂਗਰਸ ਦੇ ਨੇਤਾ ਬਲਬੀਰ ਸਿੱਧੂ: ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ‘ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਪੰਚਾਇਤ ਵਿਭਾਗ ਦੀ ਮਿਲੀਭੁਗਤ ਨਾਲ ਪਿੰਡ ਦੀ ਕਰੋੜਾਂ ਰੁਪਏ ਦੀ ਜ਼ਮੀਨ ਕੌਡੀਆਂ ਦੇ ਭਾਅ ਹੜੱਪਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ 150 ਕਰੋੜ ਦੀ ਕੀਮਤ ਵਾਲੀ ਜ਼ਮੀਨ ਮਹਿਜ਼ 18 ਕਰੋੜ ਵਿੱਚ ਲੁਟਾਈ ਜਾ ਰਹੀ ਹੈ, ਜੋ ਕਿ ਜੇ.ਐਲ.ਪੀ.ਐਲ. ਨਾਲ 15 ਕਨਾਲ 8 ਮਰਲੇ ਪੰਚਾਇਤੀ ਜ਼ਮੀਨ ਦੇ ਤਬਾਦਲੇ ਵਿਚ ਧੋਖਾਧੜੀ ਸਾਬਤ ਹੋਈ।
ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜਨਤਾ ਲੈਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ (ਜੇ.ਐਲ.ਪੀ.ਐਲ.) ਦੇ ਮੈਨੇਜਿੰਗ ਡਾਇਰੈਕਟਰ ਤੇ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਉੱਤੇ ਇਲਜ਼ਾਮ ਲਾਇਆ ਹੈ ਕਿ ਉਹ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਪਿੰਡ ਪਾਪੜੀ ਦੀ ਕਰੋੜਾਂ ਰੁਪਏ ਦੀ ਜ਼ਮੀਨ ਕੌਡੀਆਂ ਦੇ ਭਾਅ ਹੜੱਪਣਾ ਚਾਹੁੰਦਾ ਹੈ।
ਸਿੱਧੂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ, “ਜੇ.ਐਲ.ਪੀ.ਐਲ. ਨੇ 16 ਫਰਵਰੀ 2017 ਨੂੰ ਪਿੰਡ ਪਾਪੜੀ ਦੀ 6 ਏਕੜ ਦੇ ਕਰੀਬ ਪੰਚਾਇਤੀ ਜ਼ਮੀਨ ਬਾਜ਼ਾਰੀ ਕੀਮਤ ਨਾਲੋਂ ਬਹੁਤ ਹੀ ਸਸਤੇ 3 ਕਰੋੜ ਰੁਪਏ ਪ੍ਰਤੀ ਏਕੜ ਦੇ ਭਾਅ ਉਤੇ ਖਰੀਦਣ ਦੀ ਪ੍ਰਵਾਨਗੀ ਹਾਸਲ ਕਰਨ ਤੋਂ ਬਾਅਦ ਪੰਚਾਇਤ ਨੂੰ ਮਹਿਜ਼ 50 ਲੱਖ ਰੁਪਏ ਦੇ ਕੇ ਕਬਜ਼ਾ ਹਾਸਲ ਕਰ ਲਿਆ। ਪੰਚਾਇਤੀ ਰਾਜ ਐਕਟ ਅਨੁਸਾਰ ਪੂਰੀ ਕੀਮਤ ਤਾਰ ਕੇ ਰਜਿਸਟਰੀ ਕਰਾਉਣ ਤੋਂ ਬਾਅਦ ਹੀ ਪੰਚਾਇਤ ਖਰੀਦਦਾਰ ਨੂੰ ਪੰਚਾਇਤੀ ਜ਼ਮੀਨ ਦਾ ਕਬਜ਼ਾ ਦੇ ਸਕਦੀ ਹੈ। ਜੇ.ਐਲ.ਪੀ.ਐਲ. ਨੇ ਇਸ ਪੰਚਾਇਤੀ ਜ਼ਮੀਨ ਉਤੇ ਨਜਾਇਜ਼ ਕਬਜ਼ਾ ਕਰ ਕੇ ਇਥੇ ਸੜਕਾਂ ਬਣਾ ਦਿੱਤੀਆਂ, ਸੀਵਰੇਜ ਲਾਈਨ ਪਾ ਦਿੱਤੀ ਅਤੇ ਬਿਜਲੀ ਦੇ ਖੰਭੇ ਖੜ੍ਹੇ ਕਰ ਦਿੱਤੇ।”
ਉਨ੍ਹਾਂ ਅੱਗੇ ਕਿਹਾ ਕਿ ਪਿੰਡ ਵਾਸੀਆਂ ਦੇ ਵਿਰੋਧ ਅਤੇ ਅਦਾਲਤੀ ਕਾਰਵਾਈ ਕਾਰਨ ਇਸ ਜ਼ਮੀਨ ਦੀ ਰਜਿਸਟਰੀ ਦਾ ਮਾਮਲਾ ਹੁਣ ਤੱਕ ਲਟਕਿਆ ਹੋਇਆ ਸੀ, ਪਰ ਹੁਣ ਅਚਾਨਕ ਪੰਚਾਇਤ ਵਿਭਾਗ ਦੇ ਕੁਝ ਅਧਿਕਾਰੀ 3 ਕਰੋੜ ਰੁਪਏ ਦੀ ਪੁਰਾਣੀ ਕੀਮਤ ਉੱਤੇ ਹੀ ਘੱਟੋ ਘੱਟ 150 ਕਰੋੜ ਰੁਪਏ ਦੇ ਮੁੱਲ਼ ਵਾਲੀ ਇਸ ਜ਼ਮੀਨ ਦੀ ਰਜਿਸਟਰੀ ਮਹਿਜ਼ 18 ਕਰੋੜ ਰੁਪਏ ਵਿਚ ਜੇ.ਐਲ.ਪੀ.ਐਲ. ਨੂੰ ਕਰਾਉਣ ਲਈ ਤਹੂ ਹੋਏ ਪਏ ਹਨ।