ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਕੌਲਪੁਰ ਵਿੱਚ ਇੱਕ ਵਿਅਕਤੀ ਨੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ। ਉਕਤ ਵਿਅਕਤੀ ਨੇ ਗੁਰਦੁਆਰਾ ਸਿੰਘ ਸਭਾ ਵਿੱਚ ਅੱਜ ਸਵੇਰੇ 1:30 ਵਜੇ ਦੇ ਕਰੀਬ ਪੰਜ ਸਰੂਪ ਅਗਨ ਭੇਟ ਕਰ ਦਿੱਤੇ ਹਨ। ਇਸ ਘਟਨਾ ਕਾਰਨ ਸਿੱਖ ਭਾਈਚਾਰੇ ‘ਚ ਕਾਫ਼ੀ ਗੁੱਸਾ ਦੇਖਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਜੰਮੂ ਦੇ ਸਾਂਬਾ ਜ਼ਿਲ੍ਹੇ ਦੇ ਕੋਲਪੁਰ ਪਿੰਡ ਦੇ ਰਹਿਣ ਵਾਲੇ ਮਨਜੀਤ ਸਿੰਘ ਨੇ ਦੇਰ ਰਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਾਵਨ ਸਰੂਪਾਂ ਨੂੰ ਤੇਲ ਪਾ ਕੇ ਅਗਨ ਭੇਟ ਕਰ ਦਿੱਤਾ। ਇਹ ਅਪਰਾਧ ਕਰ ਕੇ ਮੁਲਜ਼ਮ ਫਰਾਰ ਹੋ ਗਿਆ ਤੇ ਉਸ ਨੂੰ ਬਾਅਦ ‘ਚ ਨਗਰੋਟਾ ਨੇੜਿਓਂ ਪੁਲਿਸ ਨੇ ਕਾਬੂ ਕਰ ਲਿਆ। ਮਾਮਲਾ ਵਿਜੇਨਗਰ ਪੁਲਿਸ ਥਾਣੇ ਦੇ ਖੇਤਰ ਨਾਲ ਸਬੰਧਤ ਹੈ।
ਸਥਾਨਕ ਨਿਵਾਸੀਆਂ ਨੇ ਤੁਰੰਤ ਫਾਇਰ ਵਿਭਾਗ ਨੂੰ ਸੂਚਿਤ ਕੀਤਾ ਅਤੇ ਫਾਇਰ ਟੈਂਡਰ ਮੌਕੇ ‘ਤੇ ਪਹੁੰਚੇ ਅਤੇ ਅੱਗ ਬੁਝਾਈ। ਇਸ ਘਟਨਾ ਨਾਲ ਇਲਾਕੇ ਵਿੱਚ ਤਣਾਅ ਪੈਦਾ ਹੋ ਗਿਆ ਹੈ। ਕੁਝ ਸਥਾਨਕ ਨਿਵਾਸੀਆਂ ਦਾ ਆਰੋਪ ਹੈ ਕਿ ਗੁਰਮੁਖ ਸਿੰਘ ਉਰਫ਼ ਬਿੱਲਾ ਦੇ ਪੁੱਤਰ ਮਨਜੀਤ ਸਿੰਘ ਨੇ ਗੁਰਦੁਆਰੇ ਵਿੱਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਜਾਣਬੁੱਝ ਕੇ ਅੱਗ ਲਗਾਈ।
ਇਸ ਘਟਨਾ ਤੋਂ ਗੁੱਸੇ ਵਿੱਚ ਆ ਕੇ ਲੋਕਾਂ ਨੇ ਮਨਜੀਤ ਸਿੰਘ ਦੇ ਘਰ ‘ਤੇ ਹਮਲਾ ਕੀਤਾ, ਭੰਨਤੋੜ ਕੀਤੀ ਅਤੇ ਉਸਦੀ ਕਾਰ ਨੂੰ ਨੁਕਸਾਨ ਪਹੁੰਚਾਇਆ।ਇਸ ਘਟਨਾ ਦਾ ਵਿਰੋਧ ਕਰਨ ਲਈ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਮੈਂਬਰ ਸੜਕਾਂ ‘ਤੇ ਉਤਰ ਆਏ ਹਨ। ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।ਇਸ ਦੌਰਾਨ ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਰਾਮਗੜ੍ਹ ਥਾਣਾ ਖੇਤਰ ਦੇ ਕੌਲਪੁਰ ਪਿੰਡ ਵਿੱਚ ਗੁਰਦੁਆਰਾ ਸਿੰਘ ਸਭਾ ਵਿੱਚ ਅੱਗ ਲੱਗਣ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਆਰੋਪੀ ਗੁਰਮੁਖ ਸਿੰਘ ਉਰਫ਼ ਬਿੱਲਾ ਦੇ ਪੁੱਤਰ ਮਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਫੈਲੇ ਤਣਾਅ ਦੇ ਵਿਚਕਾਰ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪ੍ਰਸ਼ਾਸਨ ਨੇ ਜਨਤਾ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਕਾਨੂੰਨ ‘ਤੇ ਭਰੋਸਾ ਰੱਖਣ ਦੀ ਅਪੀਲ ਕੀਤੀ ਹੈ।