ਅੱਜ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਖਟਕੜ ਕਲਾਂ ਵਿੱਚ ਪਹੁੰਚੇ। ਜਿੱਥੇ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਹੈਰੀਟੇਜ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਕਿਹਾ ਕਿ ਇਹ ਕੰਪਲੈਕਸ 51 ਕਰੋੜ 70 ਲੱਖ ਨਾਲ ਬਣੇਗਾ। ਇਸ ਦੇ ਨਾਲ ਹੀ 700 ਕੁਰਸੀਆਂ ਦਾ ਆਡੀਟੇਰੀਅਮ ਬਣਾਇਆ ਜਾਵੇਗਾ। ਇਸ ਵਿੱਚ ਕਈ ਸਹੂਲਤਾਂ ਵੀ ਹੋਣਗੀਆਂ। ਇਸ ਮੌਕੇ ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ।
ਆਜ਼ਾਦੀ ਸਾਨੂੰ ਰੇਵੜੀਆਂ ਦੇ ਬਦਲੇ ਵਿੱਚ ਨਹੀਂ ਮਿਲੀ ਹੈ। ਇਹ ਆਜ਼ਾਦੀ ਸਾਨੂੰ ਕਿਸੇ ਨੇ ਭੀਖ ਵਿੱਚ ਨਹੀਂ ਦਿੱਤੀ। ਅਸੀਂ ਇਹ ਆਜ਼ਾਦੀ ਆਪਣੇ ਹੀਰੇ ਵਰਗੇ ਗੱਬਰੂ ਪੁੱਤ ਨੂੰ ਫਾਂਸੀ ਚੜ੍ਹਾ ਕੇ ਹਾਸਲ ਕੀਤੀ ਹੈ। ਅੱਜ ਸਾਨੂੰ ਦੇਸ਼ ਭਗਤੀ ਅਤੇ ਆਜ਼ਾਦੀ ਦੇ ਲਈ ਸਰਟੀਫਿਕੇਟ ਦੇਣ ਲੱਗ ਪਏ ਹਨ। ਕੀ ਇਨ੍ਹਾਂ ਦਾ ਕੋਈ ਮਰਿਆ ਹੈ? ਭਗਤ ਸਿੰਘ ਨੂੰ ਹਮੇਸ਼ਾ ਇਸ ਗੱਲ ਦੀ ਚਿੰਤਾ ਰਹਿੰਦੀ ਸੀ ਕਿ ਸਾਨੂੰ ਆਜ਼ਾਦੀ ਤਾਂ ਮਿਲ ਜਾਵੇਗੀ, ਪਰ ਆਜ਼ਾਦੀ ਤੋਂ ਬਾਅਦ ਦੇਸ਼ ਕਿਸ ਦੇ ਹੱਥਾਂ ਵਿੱਚ ਜਾਵੇਗਾ, ਇਹ ਉਨ੍ਹਾਂ ਦੀ ਸਭ ਤੋਂ ਵੱਡੀ ਚਿੰਤਾ ਸੀ, ਅਤੇ ਉਹ ਬਿਲਕੁਲ ਸਹੀ ਸਨ।
ਹੁਣ ਅਸੀਂ ਉਸੇ ਥਾਂ ‘ਤੇ ਖੜ੍ਹੇ ਹਾਂ। ਕੋਈ ਪਾਰਟੀ 60 ਸਾਲ ਤੱਕ ਰਾਜ ਕਰ ਗਈ, ਦੂਜੀ ਨੇ 15 ਸਾਲ ਰਾਜ ਕੀਤਾ। ਪਰ ਅਸੀਂ ਅੱਜ ਵੀ ਉਸੇ ਥਾਂ ‘ਤੇ ਖੜ੍ਹੇ ਹਾਂ। ਅਮਰੀਕੀ ਮੰਗਲ ਗ੍ਰਹਿ ‘ਤੇ ਪਲਾਟ ਕੱਟ ਰਹੇ ਹਨ, ਅਤੇ ਸਾਡੇ ਕੋਲ ਸੀਵਰੇਜ ਦੇ ਪੂਰੇ ਢੱਕਣ ਵੀ ਨਹੀਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ 15 ਅਗਸਤ ਨੂੰ ਪ੍ਰਧਾਨ ਮੰਤਰੀ ਕੋਈ ਵੀ ਹੋਵੇ, ਜਦੋਂ ਤੋਂ ਹੋਸ਼ ਸਾਂਭੀ ਹੈ, ਉਨ੍ਹਾਂ ਨੇ ਆਪਣੇ ਭਾਸ਼ਣਾਂ ਵਿੱਚ ਅੱਤਵਾਦ ‘ਤੇ ਚਿੰਤਾ ਪ੍ਰਗਟ ਕੀਤੀ ਹੈ, ਗਰੀਬੀ ‘ਤੇ ਬਹੁਤ ਚਿੰਤਾ ਪ੍ਰਗਟ ਕੀਤੀ ਹੈ, ਮਹਿੰਗਾਈ ‘ਤੇ ਬਹੁਤ ਚਿੰਤਾ ਪ੍ਰਗਟ ਕੀਤੀ ਹੈ। ਮੇਰੇ ਦੇਸ਼ ਦੇ ਵਾਰਸੋ, ਹੁਣ ਲਾਲ ਕਿਲ੍ਹੇ ਦੇ ਕਬੂਤਰਾਂ ਨੇ ਵੀ ਭਾਸ਼ਣ ਯਾਦ ਕਰ ਲਿਆ ਹੋਵੇਗਾ, ਤੁਸੀਂ ਸਾਡੀ ਕਿਸਮਤ ਤਾਂ ਨਹੀਂ ਬਦਲ ਸਕਦੇ, ਘੱਟੋ ਘੱਟ ਆਪਣਾ ਭਾਸ਼ਣ ਬਦਲ ਲਓ। ਕਿਤਾਬ ਪੜ੍ਹ ਲਓ, ਪਹਿਲੇ ਤੋਂ ਆਖਰੀ ਪੰਨੇ ਤੱਕ ਕੁਝ ਵੱਖਰੀ ਚੀਜ਼ ਆਈ ਤਾਂ ਮੈਨੂੰ ਦੱਸ ਦਿਓ। ਅਫਸਰ ਲਿੱਖ ਦਿੰਦੇ ਹਨ ਤੇ ਉਹ ਪੜ੍ਹ ਲੈਂਦੇ ਹਨ।