ਜਲੰਧਰ ਦੇ ਸਿਵਲ ਹਸਪਤਾਲ ਦੇ ਟਰੌਮਾ ਸੈਂਟਰ ਵਿੱਚ ਐਤਵਾਰ ਰਾਤ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਆਕਸੀਜਨ ਪਲਾਂਟ ਤੋਂ 35 ਮਿੰਟ ਲਈ ਸਪਲਾਈ ਰੁਕਣ ਕਾਰਨ ICU ਵਿੱਚ ਦਾਖਲ 3 ਮਰੀਜ਼ਾਂ ਦੀ ਮੌਤ ਹੋ ਗਈ। ਕੁੱਲ 5 ਮਰੀਜ਼ਾਂ ਨੂੰ ਆਕਸੀਜਨ ਸਪਲਾਈ ਰੁਕਣ ਕਰਕੇ ਨੁਕਸਾਨ ਹੋਇਆ, ਜਿਨ੍ਹਾਂ ਵਿੱਚੋਂ 2 ਦੀ ਜਾਨ ਬਚਾ ਲਈ ਗਈ।
ਇਸ ਘਟਨਾ ਤੋਂ ਬਾਅਦ ਹਸਪਤਾਲ ‘ਚ ਹੰਗਾਮਾ ਹੋ ਗਿਆ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਰੀ ਰੋਸ ਜਤਾਇਆ। ਇਹ ਮਾਮਲਾ ਰਾਤ ਕਰੀਬ 9 ਵਜੇ ਦਾ ਹੈ। ਜਾਣਕਾਰੀ ਮਿਲਣ ‘ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਕਰੀਬ ਰਾਤ 1.15 ਵਜੇ ਸਿਵਿਲ ਹਸਪਤਾਲ ਪਹੁੰਚੇ। ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਬੰਦ ਕਮਰੇ ‘ਚ ਡਾਕਟਰਾਂ ਨਾਲ ਮੀਟਿੰਗ ਕੀਤੀ। ਨਾਲ ਹੀ, ਰਾਤ ਨੂੰ ਡੀ.ਸੀ. ਹਿਮਾਂਸ਼ੂ ਅਗਰਵਾਲ ਵੀ ਮੌਕੇ ‘ਤੇ ਪਹੁੰਚ ਗਏ।
ਮ੍ਰਿਤਕਾਂ ਦੀ ਪਹਿਚਾਣ ਅਰਚਨਾ (15), ਅਵਤਾਰ ਲਾਲ (32) ਅਤੇ ਰਾਜੂ (30) ਵਜੋਂ ਹੋਈ ਹੈ। ਅਰਚਨਾ ਨੂੰ 17 ਜੁਲਾਈ ਨੂੰ ਸੱਪ ਦੇ ਕੱਟਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਅਵਤਾਰ ਲਾਲ ਨੂੰ 27 ਜੁਲਾਈ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਦਾਖਲ ਕਰਵਾਇਆ ਗਿਆ ਸੀ ਅਤੇ ਰਾਜੂ ਨੂੰ 24 ਜੁਲਾਈ ਨੂੰ ਟੀ.ਬੀ. ਦੇ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ।
35 ਮਿੰਟ ਲਈ ਬੰਦ ਰਹੀ ਆਕਸੀਜਨ ਸਪਲਾਈ
ਜਾਣਕਾਰੀ ਅਨੁਸਾਰ, ਐਤਵਾਰ ਰਾਤ ਕਰੀਬ 8:30 ਵਜੇ ICU ਵਿੱਚ ਆਕਸੀਜਨ ਪਲਾਂਟ ਤੋਂ ਸਪਲਾਈ ਰੁਕ ਗਈ ਸੀ। ਇਸ ਤੋਂ ਬਾਅਦ ਡਾਕਟਰਾਂ ਅਤੇ ਟੈਕਨੀਸ਼ੀਅਨਾਂ ਨੂੰ ਇਸ ਗੜਬੜ ਦੀ ਜਾਣਕਾਰੀ ਮਿਲ ਗਈ ਸੀ। ਆਕਸੀਜਨ ਪਲਾਂਟ ‘ਚ ਆਈ ਤਕਨੀਕੀ ਖਾਮੀ ਦਾ ਪਤਾ ਲਗਾਉਣ ਅਤੇ ਉਸਨੂੰ ਠੀਕ ਕਰਨ ਵਿੱਚ ਕਰੀਬ 35 ਮਿੰਟ ਲੱਗ ਗਏ। ਇਨ੍ਹਾਂ 35 ਮਿੰਟਾਂ ਦੌਰਾਨ 3 ਮਰੀਜ਼ਾਂ ਦੀ ਸਾਹ ਲੈਣ ਰੁਕਣ ਕਾਰਨ ਮੌਤ ਹੋ ਗਈ। ਕਰੀਬ 9:30 ਵਜੇ ਪਰਿਵਾਰਕ ਮੈਂਬਰਾਂ ਨੂੰ ਇਹ ਗੱਲ ਪਤਾ ਲੱਗੀ ਤਾਂ ਉਨ੍ਹਾਂ ਨੇ ਹਸਪਤਾਲ ਵਿੱਚ ਰੋਸ ਪ੍ਰਗਟ ਕੀਤਾ।
ਡਾਕਟਰਾਂ ਨੇ ਕਿਹਾ– ਮਾਮਲੇ ਦੀ ਜਾਂਚ ਲਈ 9 ਮੈਂਬਰਾਂ ਦੀ ਕਮੇਟੀ ਬਣਾਈ
ਦੇਰ ਰਾਤ ਸਿਵਲ ਹਸਪਤਾਲ ‘ਚ ਡਿਊਟੀ ‘ਤੇ ਤਾਇਨਾਤ ਐਮ.ਐੱਸ. ਡਾ. ਰਾਜ ਕੁਮਾਰ ਨੇ ਕਿਹਾ– ਜਿਨ੍ਹਾਂ 3 ਮਰੀਜ਼ ਦੀ ਮੌਤ ਹੋਈ ਹੈ, ਮੌਤ ਦਾ ਕਾਰਨ ਪਤਾ ਲਗਾਉਣ ਲਈ 9 ਮੈਂਬਰਾਂ ਵਾਲੀ ਜਾਂਚ ਕਮੇਟੀ ਬਣਾਈ ਗਈ ਹੈ। ਦੋ ਦਿਨਾਂ ਦੇ ਅੰਦਰ ਕਮੇਟੀ ਆਪਣੀ ਰਿਪੋਰਟ ਪੇਸ਼ ਕਰੇਗੀ ਅਤੇ ਉਸ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। ਇਹ ਵੀ ਜਾਂਚਿਆ ਜਾਵੇਗਾ ਕਿ ਇਹ ਤਕਨੀਕੀ ਫਾਲਟ ਸੀ ਜਾਂ ਫਿਰ ਕਿਸੇ ਕਰਮਚਾਰੀ ਵਲੋਂ ਲਾਪਰਵਾਹੀ ਹੋਈ। ਮਰਨ ਵਾਲੇ ਸਾਰੇ ਮਰੀਜ਼ ਗੰਭੀਰ ਹਾਲਤ ‘ਚ ਸਨ।
ਡਾ. ਰਾਜ ਕੁਮਾਰ ਨੇ ਕਿਹਾ– ਜੇ ਘਟਨਾ ‘ਚ ਕਿਸੇ ਵੀ ਅਧਿਕਾਰਕ ਪੱਧਰ ‘ਤੇ ਗਲਤੀ ਮਿਲੀ ਤਾਂ ਉਸ ਖ਼ਿਲਾਫ਼ ਕੜੀ ਕਾਰਵਾਈ ਹੋਏਗੀ। ਕਮੇਟੀ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਕੀਤੇ ਗਏ ਹਨ, ਜੋ ਆਪਣੇ-ਆਪਣੇ ਪੱਖ ਤੋਂ ਹਰ ਚੀਜ਼ ਦੀ ਜਾਂਚ ਕਰਕੇ ਰਿਪੋਰਟ ਦੇਣਗੇ।
ਡੀ.ਸੀ. ਹਿਮਾਂਸ਼ੂ ਅਗਰਵਾਲ ਨੇ ਕਿਹਾ– ਇਸ ਦੁੱਖਦਾਈ ਘਟਨਾ ਦੀ ਜਾਂਚ ਲਈ ਇਕ ਕਮੇਟੀ ਬਣਾਈ ਗਈ ਹੈ, ਜੋ 72 ਘੰਟਿਆਂ ਦੇ ਅੰਦਰ ਆਪਣੀ ਰਿਪੋਰਟ ਦੇਵੇਗੀ। ਜਾਂਚ ਰਿਪੋਰਟ ਨਾਲ ਇਹ ਸਾਫ ਹੋ ਜਾਵੇਗਾ ਕਿ ਮੌਤਾਂ ਆਕਸੀਜਨ ਦੇ ਪ੍ਰੈਸ਼ਰ ਦੀ ਕਮੀ ਕਰਕੇ ਹੋਈਆਂ ਜਾਂ ਮਰੀਜ਼ ਪਹਿਲਾਂ ਹੀ ਗੰਭੀਰ ਹਾਲਤ ‘ਚ ਸਨ, ਜਿਨ੍ਹਾਂ ਦਾ ਇਲਾਜ ICU ‘ਚ ਚੱਲ ਰਿਹਾ ਸੀ। ਕਮੇਟੀ ਦੀ ਰਿਪੋਰਟ ਤੋਂ ਬਾਅਦ ਹੀ ਮੌਤਾਂ ਦੇ ਅਸਲ ਕਾਰਣ ਬਾਰੇ ਪਤਾ ਲੱਗ ਸਕੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜਾਂਚ ‘ਚ ਕਿਸੇ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ, ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇਕਰ ਇਹ ਮਾਮਲਾ ਕਿਸੇ ਤਕਨੀਕੀ ਖਰਾਬੀ ਦਾ ਹੈ, ਤਾਂ ਉਸਨੂੰ ਠੀਕ ਕਰਨ ਲਈ ਪੂਰੇ ਯਤਨ ਕੀਤੇ ਜਾਣਗੇ, ਤਾਂ ਜੋ ਭਵਿੱਖ ‘ਚ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਵਾਪਰੇ।
ਸਿਹਤ ਮੰਤਰੀ ਨੇ ਕਿਹਾ – ਤਿੰਨੇ ਮਰੀਜ਼ਾਂ ਦੀ ਹਾਲਤ ਨਾਜ਼ੁਕ ਸੀ, ਮਾਮਲੇ ਦੀ ਹੋਵੇਗੀ ਜਾਂਚ
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇਰ ਰਾਤ ਲਗਭਗ ਇੱਕ ਘੰਟੇ ਤੋਂ ਵੱਧ ਸਮਾਂ ਸਿਵਲ ਹਸਪਤਾਲ ਜਲੰਧਰ ‘ਚ ਰਹੇ ਤੇ ਡਾਕਟਰਾਂ ਅਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ – ਆਈਸੀਯੂ ‘ਚ ਦਾਖਲ ਮਰੀਜ਼ਾਂ ਦੀ ਹਾਲਤ ਕਾਫੀ ਨਾਜ਼ੁਕ ਸੀ। ਸਟਾਫ ਤੋਂ ਪਤਾ ਲੱਗਾ ਕਿ ਆਕਸੀਜਨ ਦੇ ਪ੍ਰੈਸ਼ਰ ‘ਚ ਦਿੱਕਤ ਆਈ ਸੀ, ਪਰ ਇੱਕ ਤੋਂ ਦੋ ਮਿੰਟ ਦੇ ਅੰਤਰਾਲ ‘ਚ ਆਕਸੀਜਨ ਮੁੜ ਚਾਲੂ ਕਰ ਦਿੱਤੀ ਗਈ ਸੀ।
ਸਿਹਤ ਮੰਤਰੀ ਨੇ ਅੱਗੇ ਕਿਹਾ – ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇੱਕ ਸੁਤੰਤਰ ਜਾਂਚ ਟੀਮ ਗਠਿਤ ਕੀਤੀ ਜਾ ਰਹੀ ਹੈ, ਜਿਸ ਦੀ ਅਗਵਾਈ ਡਿਪਟੀ ਡਾਇਰੈਕਟਰ ਪੱਧਰ ਦੇ ਅਧਿਕਾਰੀ ਕਰਨਗੇ। ਇਹ ਟੀਮ ਸੋਮਵਾਰ ਸਵੇਰੇ ਜਲੰਧਰ ਪਹੁੰਚੇਗੀ ਅਤੇ ਬਿਨਾਂ ਕਿਸੇ ਦਖਲਅੰਦਾਜ਼ੀ ਦੇ ਪੂਰੇ ਘਟਨਾ-ਕ੍ਰਮ ਦੀ ਸੁਤੰਤਰ ਜਾਂਚ ਕਰੇਗੀ। ਜਾਂਚ ਪੂਰੀ ਹੋਣ ਤੋਂ ਬਾਅਦ ਰਿਪੋਰਟ ਸਿੱਧੀ ਮੈਨੂੰ ਸੌਂਪੀ ਜਾਵੇਗੀ, ਜਿਸ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਡਾ. ਬਲਬੀਰ ਸਿੰਘ ਨੇ ਭਰੋਸਾ ਦਿਲਾਇਆ ਕਿ ਕਿਸੇ ਵੀ ਪੱਧਰ ‘ਤੇ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੋ ਵੀ ਜ਼ਿੰਮੇਵਾਰ ਹੋਣਗੇ, ਉਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਹੋਏਗੀ।