ਪੰਜਾਬ ਵਿੱਚ ਆਏ ਹੜ੍ਹ ਕਰਕੇ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਲਗਭਗ 3.75 ਲੱਖ ਲੋਕ ਪ੍ਰਭਾਵਿਤ ਹੋਏ ਹਨ ਅਤੇ ਹੁਣ ਤੱਕ 36 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਖੜਾ-ਬਿਆਸ ਪ੍ਰਬੰਧਨ ਬੋਰਡ (BBMB) ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਇਸ ਵਾਰ ਡੈਮਾਂ ਵਿੱਚ 2023 ਦੇ ਮੁਕਾਬਲੇ 20% ਵੱਧ ਪਾਣੀ ਆਇਆ ਹੈ, ਜਿਸ ਕਾਰਨ ਹੜ੍ਹ ਦੀ ਸਥਿਤੀ ਪੈਦਾ ਹੋਈ।
ਉਨ੍ਹਾਂ ਕਿਹਾ ਕਿ ਡੈਮ ਤੋਂ ਪਾਣੀ ਛੱਡਣ ਦਾ ਫੈਸਲਾ ਸਾਰੇ ਰਾਜਾਂ ਦੀ ਸਹਿਮਤੀ ਨਾਲ ਲਿਆ ਜਾਂਦਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜੇਕਰ ਭਾਖੜਾ ਅਤੇ ਪੌਂਗ ਡੈਮ ਨਾ ਬਣਾਏ ਜਾਂਦੇ ਤਾਂ ਪੰਜਾਬ ਜੂਨ ਤੋਂ ਹੀ ਹੜ੍ਹਾਂ ਨਾਲ ਭਰ ਗਿਆ ਹੁੰਦਾ।
ਚੇਅਰਮੈਨ ਨੇ ਕਿਹਾ ਕਿ ਇਸ ਵਾਰ ਪੌਂਗ ਡੈਮ ਵਿੱਚ ਕੁੱਲ 11.70 ਬਿਲੀਅਨ ਘਣ ਮੀਟਰ (BCM) ਪਾਣੀ ਆਇਆ ਹੈ, ਜਦੋਂ ਕਿ 2023 ਵਿੱਚ ਇਹ ਮਾਤਰਾ 9.52 ਬੀਸੀਐਮ ਸੀ। ਇਸੇ ਤਰ੍ਹਾਂ ਭਾਖੜਾ ਡੈਮ ਵਿੱਚ 9.11 ਬੀਸੀਐਮ ਪਾਣੀ ਆਇਆ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਭਾਖੜਾ ਵਿੱਚ ਪਾਣੀ ਦਾ ਵਹਾਅ ਥੋੜ੍ਹਾ ਘੱਟ ਗਿਆ ਹੈ, ਜਿਸ ਨਾਲ ਦਬਾਅ ਘਟਾਉਣ ਵਿੱਚ ਮਦਦ ਮਿਲੀ ਹੈ, ਪਰ ਪੌਂਗ ਡੈਮ ਵਿੱਚ ਅਜੇ ਵੀ ਇੱਕ ਲੱਖ ਕਿਊਸਿਕ ਤੋਂ ਵੱਧ ਪਾਣੀ ਵਗ ਰਿਹਾ ਹੈ। ਹਾਲਾਂਕਿ, ਰਾਹਤ ਦੀ ਖ਼ਬਰ ਇਹ ਹੈ ਕਿ ਅਗਲੇ ਚਾਰ-ਪੰਜ ਦਿਨਾਂ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ, ਇਸ ਲਈ ਚਿੰਤਾ ਦੀ ਕੋਈ ਗੱਲ ਨਹੀਂ ਹੈ।
ਮਨੋਜ ਤ੍ਰਿਪਾਠੀ ਨੇ ਕਿਹਾ ਕਿ ਪਹਿਲਾਂ ਡੈਮ ਲਈ ਰਿਜ਼ਰਵ ਵਾਇਰ ਸੰਬੰਧੀ ਕੋਈ ਨਿਯਮ ਨਹੀਂ ਸੀ। ਪਰ, 2023 ਵਿੱਚ ਸੈਂਟਰ ਵਾਟਰ ਕਮਿਸ਼ਨ ਨੇ ਨਿਯਮ ਬਣਾਇਆ ਸੀ। ਇਹ ਡੇਟਾ ਮੌਸਮ ਵਿਭਾਗ ਅਤੇ ਬੀਬੀਐਮਬੀ ਦੁਆਰਾ ਪ੍ਰਦਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਉਨ੍ਹਾਂ ਦੱਸਿਆ ਕਿ ਅਸੀਂ ਤਿੰਨ ਏਜੰਸੀਆਂ, ਭਾਰਤ ਮੌਸਮ ਵਿਭਾਗ ਅਤੇ ਦੋ ਹੋਰ ਏਜੰਸੀਆਂ ਦੀਆਂ ਭਵਿੱਖਬਾਣੀਆਂ ਦਾ ਵੀ ਅਧਿਐਨ ਕਰਦੇ ਹਾਂ। ਹਾਲਾਂਕਿ, ਹੁਣ ਕੁਝ ਰਾਹਤ ਮਿਲੀ ਹੈ।
ਜਦੋਂ ਬੀਬੀਐਮਬੀ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੂੰ ਪੰਜਾਬ-ਹਰਿਆਣਾ ਪਾਣੀ ਵੰਡ ਵਿਵਾਦ ਬਾਰੇ ਪੁੱਛਿਆ ਗਿਆ ਕਿ ਜੇਕਰ ਭਾਖੜਾ ਡੈਮ ਦਾ ਪਾਣੀ ਪਹਿਲਾਂ ਹਰਿਆਣਾ ਨੂੰ ਦਿੱਤਾ ਜਾਂਦਾ, ਤਾਂ ਹੜ੍ਹ ਨਾ ਆਉਂਦੇ। ਇਸ ਦੇ ਜਵਾਬ ਵਿੱਚ, ਉਨ੍ਹਾਂ ਕਿਹਾ ਕਿ “ਅਸੀਂ ਇਹ ਨਹੀਂ ਕਹਿ ਸਕਦੇ ਕਿ ਹੜ੍ਹ ਅਸਲ ਵਿੱਚ ਇਸ ਕਾਰਨ ਆਇਆ ਹੈ, ਕਿਉਂਕਿ ਹਰਿਆਣਾ ਦੁਆਰਾ ਮੰਗੇ ਗਏ ਪਾਣੀ ਦੀ ਮਾਤਰਾ ਬਹੁਤ ਘੱਟ ਸੀ। ਹਾਲਾਂਕਿ, ਇਸ ਨਾਲ ਭਾਖੜਾ ਡੈਮ ਨੂੰ ਕੁਝ ਰਾਹਤ ਜ਼ਰੂਰ ਮਿਲਦੀ।”