India-Canada Row: ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਜਾਰੀ ਹੈ। ਇਸ ਦੌਰਾਨ ਭਾਰਤ ਅਤੇ ਅਮਰੀਕਾ ਵਿਚਾਲੇ ਟੂ ਪਲੱਸ ਟੂ ਮੰਤਰੀ ਪੱਧਰੀ ਗੱਲਬਾਤ ਦੌਰਾਨ ਸਰਕਾਰ ਨੇ ਕੈਨੇਡਾ ਸਬੰਧੀ ਆਪਣੀਆਂ ਚਿੰਤਾਵਾਂ ਨੂੰ ਸਪੱਸ਼ਟ ਕੀਤਾ। ਭਾਰਤ ਨੇ ਕਿਹਾ ਕਿ ਸਾਡੀ ਮੁੱਖ ਚਿੰਤਾ ਸੁਰੱਖਿਆ ਹੈ।
2+2 ਮੰਤਰੀ ਪੱਧਰੀ ਗੱਲਬਾਤ ਤੋਂ ਬਾਅਦ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਕਿਹਾ, ”ਅਸੀਂ ਆਪਣੇ ਸਾਰੇ ਦੋਸਤਾਂ ਅਤੇ ਭਾਈਵਾਲਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ। ਅਸੀਂ ਇਸ ਮਾਮਲੇ ਸਬੰਧੀ ਆਪਣੀ ਸਥਿਤੀ ਨੂੰ ਕਈ ਮੌਕਿਆਂ ‘ਤੇ ਵਿਸਥਾਰ ਨਾਲ ਸਮਝਾਇਆ ਹੈ। ਸਾਡੀ ਮੁੱਖ ਚਿੰਤਾ ਸੁਰੱਖਿਆ ਹੈ। ਤੁਸੀਂ ਹਾਲ ਹੀ ਵਿੱਚ ਗੁਰਪਤਵੰਤ ਸਿੰਘ ਪੰਨੂ ਦੀ ਵੀਡੀਓ ਦੇਖੀ ਹੋਵੇਗੀ। ਇਹ ਗੰਭੀਰ ਸੁਰੱਖਿਆ ਚਿੰਤਾਵਾਂ ਪੈਦਾ ਕਰਦਾ ਹੈ। ਅਸੀਂ ਆਪਣੇ ਦੋਸਤਾਂ ਅਤੇ ਪਾਰਟਨਰ ਨੂੰ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਸਾਨੂੰ ਲਗਦਾ ਹੈ ਕਿ ਉਹ ਇਸ ਨੂੰ ਸਮਝਦੇ ਹਨ। ”
ਗੁਰਪਤਵੰਤ ਸਿੰਘ ਪੰਨੂ ਨੇ ਕੀ ਦਿੱਤੀ ਸੀ ਧਮਕੀ?
ਸਿੱਖ ਫਾਰ ਜਸਟਿਸ (SFJ) ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਦਾ ਹਾਲ ਹੀ ਵਿੱਚ ਇੱਕ ਵੀਡੀਓ ਸਾਹਮਣੇ ਆਇਆ ਸੀ। ਇਸ ਵਿਚ ਉਨ੍ਹਾਂ ਨੇ 19 ਨਵੰਬਰ ਨੂੰ ਏਅਰ ਇੰਡੀਆ ਦੀ ਫਲਾਈਟ ਦੇ ਯਾਤਰੀਆਂ ਨੂੰ ਧਮਕੀ ਦਿੱਤੀ ਹੈ, ਜਿਸ ਦਿਨ ਆਈਸੀਸੀ ਵਿਸ਼ਵ ਕੱਪ ਫਾਈਨਲ ਹੋਵੇਗਾ।
ਭਾਰਤ ਲਗਾਤਾਰ ਪੰਨੂ ਅਤੇ ਹੋਰ ਖਾਲਿਸਤਾਨ ਸਮਰਥਕਾਂ ਖਿਲਾਫ ਕਾਰਵਾਈ ਦੀ ਮੰਗ ਕਰਦਾ ਆ ਰਿਹਾ ਹੈ। ਹਾਲਾਂਕਿ ਕੈਨੇਡਾ ਵੱਲੋਂ ਠੋਸ ਕਦਮ ਨਾ ਚੁੱਕਣ ਕਾਰਨ ਭਾਰਤ ਸਰਕਾਰ ਕਈ ਮੌਕਿਆਂ ‘ਤੇ ਨਾਰਾਜ਼ਗੀ ਜ਼ਾਹਰ ਕਰ ਚੁੱਕੀ ਹੈ।
ਦਿੱਲੀ ਵਿੱਚ ਹੋਈ ਟੂ ਪਲੱਸ ਟੂ ਮੰਤਰੀ ਪੱਧਰੀ ਵਾਰਤਾ ਵਿੱਚ ਅਮਰੀਕੀ ਵਫ਼ਦ ਦੀ ਅਗਵਾਈ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਕੀਤੀ। ਭਾਰਤੀ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤਾ।
ਭਾਰਤ-ਕੈਨੇਡਾ ਵਿਚਾਲੇ ਕਿਵੇਂ ਸ਼ੁਰੂ ਹੋਇਆ ਵਿਵਾਦ?
ਹਾਲ ਹੀ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਾਅਵਾ ਕੀਤਾ ਸੀ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦਾ ਹੱਥ ਹੋ ਸਕਦਾ ਹੈ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਸਾਰੇ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹਨ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਵਿਵਾਦ ਵੱਧ ਗਿਆ।