ਲੁਧਿਆਣਾ ਉਪ ਚੋਣ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਪਾਰਟੀ ਵਿੱਚ ਅੰਦਰੂਨੀ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। ਹੁਣ ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵਲ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਚਕਾਰ ਇੱਕ ਤਿੱਖਾ ਵਿਵਾਦ ਸ਼ੁਰੂ ਹੋ ਗਿਆ ਹੈ।
ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ, ਕੜਵਲ ਨੇ ਦੋਸ਼ ਲਗਾਇਆ ਕਿ ਬੈਂਸ ਜਾਣਬੁੱਝ ਕੇ ਲੁਧਿਆਣਾ ਵਿੱਚ ਕਾਂਗਰਸੀ ਆਗੂ ਆਸ਼ੂ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ, ਤਾਂ ਜੋ ਉਹ ਖੁਦ ਸ਼ਹਿਰ ਦੀ ਰਾਜਨੀਤੀ ‘ਤੇ ਪੂਰਾ ਕੰਟਰੋਲ ਹਾਸਲ ਕਰ ਸਕਣ।
ਕੜਵਲ ਨੇ ਇਹ ਵੀ ਕਿਹਾ ਕਿ ਭਾਵੇਂ ਬੈਂਸ ਨੂੰ ਇਸ ਸਮੇਂ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨੇੜੇ ਦੇਖਿਆ ਜਾਂਦਾ ਹੈ, ਪਰ ਵੜਿੰਗ ਨੂੰ ਉਨ੍ਹਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ “ਜੇ ਬੈਂਸ ਨੂੰ ਕੋਈ ਹੋਰ ਸਮਰਥਨ ਮਿਲਦਾ ਹੈ, ਤਾਂ ਉਹ ਵੜਿੰਗ ਨੂੰ ਪਿੱਛੇ ਛੱਡ ਦੇਣਗੇ।”
ਕੜਵਲ ਨੇ ਕਾਂਗਰਸ ਹਾਈ ਕਮਾਂਡ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਸ਼ਾਇਦ ਬੈਂਸ ਦੇ ਚਰਿੱਤਰ ਤੇ ਉਨ੍ਹਾਂ ਵਿਰੁੱਧ ਦਰਜ ਐਫਆਈਆਰ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਸੀ, ਇਸੇ ਲਈ ਉਨ੍ਹਾਂ ਨੇ ਬੈਂਸ ਨਾਲ ਫੋਟੋ ਖਿਚਵਾਈ ਅਤੇ ਉਨ੍ਹਾਂ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ।
ਕੜਵਲ ਨੇ ਕਿਹਾ ਕਿ ਹੁਣ ਤੱਕ ਬੈਂਸ ਨੂੰ ਕਾਂਗਰਸ ਨੇ ਸਵੀਕਾਰ ਨਹੀਂ ਕੀਤਾ ਹੈ ਤੇ ਨਾ ਹੀ ਉਨ੍ਹਾਂ ਕੋਲ ਕੋਈ ਮੈਂਬਰਸ਼ਿਪ ਹੈ। ਬੈਂਸ ਨੇ ਹੁਣ ਤੱਕ ਕਾਂਗਰਸ ਦਾ ਕੋਈ ਫਾਰਮ ਵੀ ਨਹੀਂ ਭਰਿਆ ਹੈ। ਬੈਂਸ ਉਨ੍ਹਾਂ ਦੇ ਜਮਾਤੀ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਉਨ੍ਹਾਂ ਤੋਂ ਬਿਹਤਰ ਕੋਈ ਨਹੀਂ ਜਾਣਦਾ। ਜਦੋਂ ਬੈਂਸ ਰਾਜਨੀਤੀ ਵਿੱਚ ਆਏ ਸਨ, ਤਾਂ ਉਨ੍ਹਾਂ ਦੇ ਨਾਮ ‘ਤੇ ਜ਼ਮੀਨ ਦਾ ਇੱਕ ਟੁਕੜਾ ਵੀ ਨਹੀਂ ਸੀ, ਪਰ ਅੱਜ ਉਨ੍ਹਾਂ ਕੋਲ ਕਰੋੜਾਂ ਦੀ ਜਾਇਦਾਦ ਕਿਵੇਂ ਹੈ, ਇਹ ਜਾਂਚ ਦਾ ਵਿਸ਼ਾ ਹੈ।
ਇਸ ਸਬੰਧੀ ਸਿਮਰਜੀਤ ਸਿੰਘ ਬੈਂਸ ਦੇ ਮੀਡੀਆ ਬੁਲਾਰੇ ਪ੍ਰਦੀਪ ਸਿੰਘ ਬੰਟੀ ਨੇ ਕਿਹਾ ਕਿ ਜਲਦੀ ਹੀ ਸਿਮਰਜੀਤ ਸਿੰਘ ਬੈਂਸ ਇਸ ਮਾਮਲੇ ਵਿੱਚ ਆਪਣਾ ਪੱਖ ਪੇਸ਼ ਕਰਨਗੇ।
ਜ਼ਿਕਰ ਕਰ ਦਈਏ ਕਿ ਇਹ ਵਿਵਾਦ ਕਾਂਗਰਸ ਦੇ ਅੰਦਰ ਅੰਦਰੂਨੀ ਕਲੇਸ਼ ਨੂੰ ਹੋਰ ਉਜਾਗਰ ਕਰ ਰਿਹਾ ਹੈ, ਖਾਸ ਕਰਕੇ ਉਪ ਚੋਣਾਂ ਵਿੱਚ ਹਾਰ ਤੋਂ ਬਾਅਦ ਜਦੋਂ ਪਾਰਟੀ ਨੂੰ ਏਕਤਾ ਦੀ ਸਭ ਤੋਂ ਵੱਧ ਲੋੜ ਹੈ।