ਇੰਡੀਅਨ ਪ੍ਰੀਮੀਅਰ ਲੀਗ ਦੇ 18ਵੇਂ ਸੀਜ਼ਨ ਦਾ ਬਿਗੁਲ ਵੱਜ ਗਿਆ ਹੈ। ਆਈਪੀਐਲ 2025 ਦਾ ਪਹਿਲਾ ਮੈਚ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਰਾਇਲ ਚੈਲੇਂਜਰਜ਼ ਬੰਗਲੌਰ (RCB) ਵਿਚਕਾਰ ਖੇਡਿਆ ਜਾਵੇਗਾ। ਇਸ ਸੀਜ਼ਨ ਵਿੱਚ, ਮੁੰਬਈ ਇੰਡੀਅਨਜ਼ ਦੀ ਟੀਮ ਆਪਣਾ ਪਹਿਲਾ ਮੈਚ 23 ਮਾਰਚ ਨੂੰ ਚੇਨਈ ਸੁਪਰ ਕਿੰਗਜ਼ ਵਿਰੁੱਧ ਖੇਡੇਗੀ। ਹਾਰਦਿਕ ਪੰਡਯਾ ਇਸ ਮੈਚ ਵਿੱਚ ਨਹੀਂ ਖੇਡਣਗੇ।
ਤੁਹਾਨੂੰ ਦੱਸ ਦਈਏ ਕਿ ਹਾਰਦਿਕ ਪੰਡਯਾ ‘ਤੇ ਇੱਕ ਆਈਪੀਐਲ ਮੈਚ ਲਈ ਪਾਬੰਦੀ ਲਗਾਈ ਗਈ ਹੈ। ਇਸ ਕਰਕੇ ਉਹ ਆਈਪੀਐਲ 2025 ਦਾ ਪਹਿਲਾ ਮੈਚ ਨਹੀਂ ਖੇਡ ਸਕਣਗੇ। ਇਹੀ ਕਾਰਨ ਹੈ ਕਿ ਉਹ ਨਾ ਤਾਂ ਮੁੰਬਈ ਇੰਡੀਅਨਜ਼ ਦਾ ਕਪਤਾਨ ਹੋਣਗੇ ਅਤੇ ਨਾ ਹੀ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਮੈਚ ਵਿੱਚ ਪਲੇਇੰਗ ਇਲੈਵਨ ਦਾ ਹਿੱਸਾ ਹੋਣਗੇ।
ਦਰਅਸਲ, ਹਾਰਦਿਕ ਪੰਡਯਾ ‘ਤੇ ਸਲੋਅ ਓਵਰ ਰੇਟ ਕਾਰਨ ਇੱਕ ਮੈਚ ਲਈ ਪਾਬੰਦੀ ਲਗਾਈ ਗਈ ਹੈ। ਹਾਰਦਿਕ ਪੰਡਯਾ ਆਈਪੀਐਲ 2024 ਵਿੱਚ ਮੁੰਬਈ ਇੰਡੀਅਨਜ਼ ਦੇ ਕਪਤਾਨ ਸਨ। ਇਸ ਦੌਰਾਨ ਟੀਮ ਨੂੰ ਸਲੋਅ ਓਵਰ ਰੇਟ ਲਈ ਤਿੰਨ ਵਾਰ ਜੁਰਮਾਨਾ ਲਗਾਇਆ ਗਿਆ। ਜਦੋਂ ਕੋਈ ਕਪਤਾਨ ਪਹਿਲੀ ਵਾਰ ਅਜਿਹਾ ਕਰਦਾ ਹੈ ਤਾਂ ਉਸ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਂਦਾ ਹੈ। ਦੂਜੀ ਵਾਰ ਜੁਰਮਾਨਾ ਦੁੱਗਣਾ ਹੋ ਜਾਂਦਾ ਹੈ। ਜੇਕਰ ਇਹ ਤੀਜੀ ਵਾਰ ਹੁੰਦਾ ਹੈ, ਤਾਂ ਇੱਕ ਮੈਚ ਦੀ ਪਾਬੰਦੀ ਲਗਾਈ ਜਾਂਦੀ ਹੈ। ਆਈਪੀਐਲ 2024 ਵਿੱਚ, ਰਿਸ਼ਭ ਪੰਤ ਨੂੰ ਵੀ ਸਲੋਅ ਓਵਰ ਰੇਟ ਕਾਰਨ ਇੱਕ ਮੈਚ ਲਈ ਪਾਬੰਦੀ ਲਗਾਈ ਗਈ ਸੀ।
ਹਾਰਦਿਕ ਦੀ ਜਗ੍ਹਾ ਸੂਰਿਆਕੁਮਾਰ ਯਾਦਵ ਮੁੰਬਈ ਇੰਡੀਅਨਜ਼ ਦਾ ਬਣੇ ਕਪਤਾਨ
ਹੁਣ ਕਿਉਂਕਿ ਹਾਰਦਿਕ ਪੰਡਯਾ ‘ਤੇ ਇੱਕ ਮੈਚ ਦੀ ਪਾਬੰਦੀ ਹੈ। ਅਜਿਹੀ ਸਥਿਤੀ ਵਿੱਚ ਉਹ 23 ਮਾਰਚ ਨੂੰ ਚੇਨਈ ਸੁਪਰ ਕਿੰਗਜ਼ ਵਿਰੁੱਧ ਨਹੀਂ ਖੇਡ ਸਕਣਗੇ। ਉਨ੍ਹਾਂ ਦੀ ਗੈਰਹਾਜ਼ਰੀ ਵਿੱਚ, ਸੂਰਿਆਕੁਮਾਰ ਯਾਦਵ ਟੀਮ ਦੀ ਕਪਤਾਨੀ ਕਰ ਸਕਦੇ ਹਨ। ਹਾਲਾਂਕਿ, MI ਨੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਹਾਰਦਿਕ ਦੀ ਜਗ੍ਹਾ ਰੌਬਿਨ ਮਿੰਜ ਨੂੰ ਪਲੇਇੰਗ ਇਲੈਵਨ ਵਿੱਚ ਮੌਕਾ ਮਿਲ ਸਕਦਾ ਹੈ।
ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਦੀ ਸੰਭਾਵਿਤ ਪਲੇਇੰਗ ਇਲੈਵਨ – ਰੋਹਿਤ ਸ਼ਰਮਾ, ਵਿਲ ਜੈਕਸ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਰੌਬਿਨ ਮਿੰਜ, ਨਮਨ ਧੀਰ, ਮਿਸ਼ੇਲ ਸੈਂਟਨਰ, ਦੀਪਕ ਚਾਹਰ, ਕਰਨ ਸ਼ਰਮਾ, ਟ੍ਰੇਂਟ ਬੋਲਟ ਅਤੇ ਕੋਰਬਿਨ ਬੋਸ਼ / ਮੁਜੀਬ ਉਰ ਰਹਿਮਾਨ।