ISRO ਲਈ Launch Pad ਬਣਾਉਣ ਵਾਲੇ HEC ਦੇ ਇੰਜੀਨੀਅਰਾਂ ਨੂੰ ਬੀਤੇ ਇੱਕ ਸਾਲ ਤੋਂ ਨਹੀਂ ਮਿਲੀ ਤਨਖ਼ਾਹ

0
100028

 

ਰਾਂਚੀ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਤੀਜੇ ਚੰਦਰ ਮਿਸ਼ਨ ਚੰਦਰਯਾਨ-3 ਦੇ ਇਤਿਹਾਸਕ ਲਾਂਚ ਦੇ ਕੁਝ ਦਿਨਾਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਪੁਲਾੜ ਯਾਨ ਲਈ ਲਾਂਚ ਪੈਡ ਬਣਾਉਣ ਵਾਲੇ ਇੰਜੀਨੀਅਰਾਂ ਨੂੰ ਕਥਿਤ ਤੌਰ ‘ਤੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਤਨਖਾਹ ਨਹੀਂ ਦਿੱਤੀ ਗਈ ਹੈ। ਇਹ ਇੰਜੀਨੀਅਰ ਰਾਂਚੀ ਸਥਿਤ ਹੈਵੀ ਇੰਜਨੀਅਰਿੰਗ ਕਾਰਪੋਰੇਸ਼ਨ (ਐਚ.ਈ.ਸੀ.) ਵਿੱਚ ਕੰਮ ਕਰ ਰਹੇ ਹਨ, ਜਿਸ ਨੂੰ ਇਸਰੋ ਦੇ ਮਿਸ਼ਨ ਦੇ ਕੁਝ ਪ੍ਰੋਜੈਕਟਾਂ ਲਈ ਠੇਕਾ ਦਿੱਤਾ ਗਿਆ ਸੀ।

ਇਸਰੋ ਦੇ ਚੰਦਰਯਾਨ-3 ਅਤੇ ਮਿਸ਼ਨ ਆਦਿਤਿਆ ਐਲ1 ਨੇ ਦੁਨੀਆ ਭਰ ਵਿੱਚ ਭਾਰਤ ਦਾ ਮਾਣ ਵਧਾਇਆ ਹੈ। ਜਿੱਥੇ ਪੁਲਾੜ ਮਿਸ਼ਨਾਂ ਨੂੰ ਲੈ ਕੇ ਇਸਰੋ ਦਾ ਦਬਦਬਾ ਵਧਿਆ ਹੈ, ਇਸ ਦਾ ਇੱਕ ਕਾਰਨ ਚੰਦਰਯਾਨ-3 ਮਿਸ਼ਨ ਦਾ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫ਼ਲਤਾਪੂਰਵਕ ਉਤਰਨਾ ਵੀ ਹੈ। ਇਸ ਤੋਂ ਤੁਰੰਤ ਬਾਅਦ ਭਾਰਤ ਨੇ ਸੂਰਜ ਦੇ ਰਹੱਸ ਨੂੰ ਜਾਨਣ ਲਈ ਆਦਿਤਿਆ ਐਲ1 ਨੂੰ ਵੀ ਸਫਲਤਾਪੂਰਵਕ ਲਾਂਚ ਕੀਤਾ ਗਿਆ। ਇਸਦੇ ਲਈ ਵੀ ਇਸਰੋ ਨੂੰ ਦੁਨੀਆ ਭਰ ਤੋਂ ਪ੍ਰਸ਼ੰਸਾ ਮਿਲ ਰਹੀ ਹੈ। ਰਿਪੋਰਟਾਂ ਮੁਤਾਬਕ ਇਸਰੋ ਅਤੇ ਇਸ ਦੇ ਭਾਈਵਾਲਾਂ ਨੂੰ ਕਈ ਵੱਡੇ ਆਰਡਰ ਮਿਲ ਰਹੇ ਹਨ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਕੁਝ ਸਾਲਾਂ ਵਿੱਚ ਚੰਦਰ ਅਰਥਚਾਰੇ ਅਤੇ ਪੁਲਾੜ ਅਰਥਵਿਵਸਥਾ ਵਿੱਚ ਇੱਕ ਵੱਡਾ ਖਿਡਾਰੀ ਬਣ ਜਾਵੇਗਾ।

ਪਰ ਇਸਰੋ ਲਈ ਲਾਂਚਪੈਡ ਬਣਾਉਣ ਵਾਲੇ ਮਜ਼ਦੂਰ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ। ਪਰਿਵਾਰ ਦੀ ਗੱਡੀ ਚਲਾਉਣ ਲਈ ਹੁਣ ਉਨ੍ਹਾਂ ਨੂੰ ਚਾਹ-ਇਡਲੀ ਤਕ ਵੇਚਣੀ ਪੈ ਰਹੀ ਹੈ। ਇਹ ਦਾਆਵਾ ਬੀ.ਬੀ.ਸੀ ਦੀ ਇੱਕ ਰਿਪੋਰਟ ਵਿੱਚ ਕੀਤਾ ਗਿਆ ਹੈ। ਇਸ ਸਾਲ ਜੁਲਾਈ ਦੇ ਮੱਧ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਝਾਰਖੰਡ ਦੇ ਰਾਂਚੀ ਵਿੱਚ ਹੈਵੀ ਇੰਜਨੀਅਰਿੰਗ ਕਾਰਪੋਰੇਸ਼ਨ ਲਿਮਿਟੇਡ (ਐਚ.ਈ.ਸੀ.) ਦੇ ਇੰਜੀਨੀਅਰਾਂ, ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪਿਛਲੇ 17 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਇਸ ਮੁੱਦੇ ਦੇ ਬਾਵਜੂਦ ਫਰਮ ਨੇ ਹੋਰ ਮਹੱਤਵਪੂਰਨ ਅਤੇ ਗੁੰਝਲਦਾਰ ਉਪਕਰਣਾਂ ਦੇ ਨਾਲ ਮੋਬਾਈਲ ਲਾਂਚਿੰਗ ਪੈਡ ਨੂੰ ਦਸੰਬਰ 2022 ਵਿੱਚ ਨਿਰਧਾਰਤ ਸਮੇਂ ਤੋਂ ਪਹਿਲਾਂ ਪ੍ਰਦਾਨ ਕੀਤਾ।

ਬਹੁਤ ਸਾਰੇ ਕਰਮਚਾਰੀਆਂ ਨੂੰ ਨਹੀਂ ਮਿਲੀ ਤਨਖਾਹ 

ਚੰਦਰਯਾਨ-3 ਮਿਸ਼ਨ ਦੇ ਕਈ ਕਰਮਚਾਰੀਆਂ ਨੂੰ ਅਜੇ ਵੀ ਤਨਖਾਹ ਨਹੀਂ ਮਿਲੀ ਹੈ। ਦੱਖ਼ਣੀ ਭਾਰਤ ਦੀਆਂ ਮੀਡੀਆ ਰਿਪੋਰਟਾਂ ਵਿੱਚ ਇਹ ਦਾਆਵਾ ਕੀਤਾ ਜਾ ਰਿਹਾ ਕਿ ਇਸਰੋ ਦੀ ਮੁਹਿੰਮ ਲਈ ਲਾਂਚਪੈਡ ਬਣਾਉਣ ਵਾਲੇ ਮੁਲਾਜ਼ਮਾਂ ਨੂੰ ਪਿਛਲੇ 18 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਹਨ। ਇਸ ਤੋਂ ਨਾਰਾਜ਼ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ ਵੀ ਕੀਤਾ। ਬੀ.ਬੀ.ਸੀ. ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਧੁਰਵਾ, ਰਾਂਚੀ ਵਿੱਚ ਸਥਿਤ ਹੈਵੀ ਇੰਜਨੀਅਰਿੰਗ ਕਾਰਪੋਰੇਸ਼ਨ ਲਿਮਿਟੇਡ ਦੇ 2800 ਕਰਮਚਾਰੀਆਂ ਨੂੰ ਪਿਛਲੇ 18 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਜਿਨ੍ਹਾਂ ਕੇਂਦਰ ਨੇ ਚੰਦਰਯਾਨ ਮਿਸ਼ਨ ਲਈ 810 ਟਨ ਲਾਂਚਪੈਡ ਤਿਆਰ ਕੀਤਾ।

ਉਨ੍ਹਾਂ ਦਾਆਵਾ ਕੀਤਾ ਕਿ ਐਚ.ਈ.ਸੀ. ਵਿੱਚ ਇੱਕ ਟੈਕਨੀਸ਼ੀਅਨ ਦੀਪਕ ਕੁਮਾਰ ਉਪਾਰੀਆ, ਵਰਤਮਾਨ ਵਿੱਚ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਇਡਲੀ ਵੇਚ ਰਹੇ ਹੈ। ਰਾਂਚੀ ਦੇ ਧੁਰਵਾ ਇਲਾਕੇ ‘ਚ ਪੁਰਾਣੀ ਵਿਧਾਨ ਸਭਾ ਦੇ ਸਾਹਮਣੇ ਉਸ ਦੀ ਇਡਲੀ ਦੀ ਦੁਕਾਨ ਹੈ। ਸਵੇਰੇ ਉਹ ਇਡਲੀ ਵੇਚਦੇ ਹਨ। ਐਚ.ਈ.ਸੀ ਦਫ਼ਤਰ ਵਿੱਚ ਦੁਪਹਿਰ ਵੇਲੇ ਕੰਮ ਕਰਦੇ ਹਨ। ਸ਼ਾਮ ਨੂੰ ਫਿਰ ਇਡਲੀ ਦਾ ਸਟਾਲ ਲਗਾਉਂਦੇ ਹਨ। ਇੱਥੇ ਤਕ ਕੇ ਬਹੁਤ ਸਾਰੇ ਕਰਮਚਾਰੀਆਂ ਨੂੰ ਹੁਣ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਲਈ ਹੋਰ ਕਾਰੋਬਾਰ ਕਰਨੇ ਪੈ ਰਹੇ ਹਨ। ਕੋਈ ਚਾਹ ਵੇਚ ਰਿਹਾ ਹੈ ਤੇ ਕੋਈ ਹੋਰ ਕਾਰੋਬਾਰ ਕਰ ਰਿਹਾ ਹੈ। ਕਈ ਲੋਕਾਂ ਦੇ ਸਿਰ ਲੱਖਾਂ ਰੁਪਏ ਦਾ ਕਰਜ਼ਾ ਹੈ। ਕਿਸੇ ਤਰ੍ਹਾਂ ਉਧਾਰ ਲੈ ਕੇ ਘਰ ਦਾ ਖ਼ਰਚਾ ਚਲਾ ਰਹੇ ਹਨ।

ਐਚ.ਈ.ਸੀ. ਨੂੰ ਕਰੋੜਾਂ ਦੀ ਲੋੜ

ਹੈਵੀ ਇੰਜਨੀਅਰਿੰਗ ਕਾਰਪੋਰੇਸ਼ਨ ਲਿਮਿਟੇਡ ਭਾਰੀ ਉਦਯੋਗ ਮੰਤਰਾਲੇ ਦੇ ਅਧੀਨ ਇੱਕ ਪਬਲਿਕ ਸੈਕਟਰ ਅੰਡਰਟੇਕਿੰਗ ਹੈ। ਰਾਂਚੀ ਦੇ ਧੁਰਵਾ ਖੇਤਰ ਵਿੱਚ ਸਥਿਤ ਇਹ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਜਨਤਕ ਖੇਤਰ ਦੀਆਂ ਇਕਾਈਆਂ ਵਿੱਚੋਂ ਇੱਕ ਹੈ, ਜੋ ਦੇਸ਼ ਭਰ ਵਿੱਚ ਵੱਡੇ ਸਟੀਲ ਪਲਾਂਟਾਂ ਨੂੰ ਉਪਕਰਨਾਂ ਦੀ ਸਪਲਾਈ ਕਰਦੀ ਹੈ।

ਮੀਡੀਆ ਏਜੰਸੀ ਮੁਤਾਬਕ ਐਚ.ਈ.ਸੀ. ਨੇ ਭਾਰੀ ਉਦਯੋਗ ਮੰਤਰਾਲੇ ਨੂੰ ਕਈ ਵਾਰ 1,000 ਕਰੋੜ ਰੁਪਏ ਦੀ ਕਾਰਜਕਾਰੀ ਪੂੰਜੀ ਮੁਹੱਈਆ ਕਰਵਾਉਣ ਲਈ ਬੇਨਤੀ ਕੀਤੀ ਹੈ। ਐਚ.ਈ.ਸੀ. ਪਿਛਲੇ ਪੰਜ ਸਾਲਾਂ ਤੋਂ ਘਾਟੇ ਵਿੱਚ ਚੱਲ ਰਿਹਾ ਹੈ। ਇਸ ਸਰਕਾਰੀ ਕੰਪਨੀ ਦਾ ਟਰਨਓਵਰ 356.21 ਕਰੋੜ ਰੁਪਏ ਤੋਂ ਘਟ ਕੇ 87.52 ਕਰੋੜ ਰੁਪਏ ਰਹਿ ਗਿਆ ਹੈ। ਐਚ.ਈ.ਸੀ. ਨੂੰ ਕਰਮਚਾਰੀਆਂ ਦੇ ਬਕਾਏ ਅਦਾ ਕਰਨ ਲਈ ਤੁਰੰਤ 153 ਕਰੋੜ ਰੁਪਏ ਦੀ ਲੋੜ ਹੈ। ਬਿਜਲੀ, ਸੁਰੱਖਿਆ ਅਤੇ ਹੋਰ ਖਰਚਿਆਂ ਲਈ 2000 ਕਰੋੜ ਰੁਪਏ ਦੀ ਲੋੜ ਹੈ।

 

LEAVE A REPLY

Please enter your comment!
Please enter your name here