ਚੇਨਈ ਵਿਖੇ ਆਯੋਜਿਤ 23ਵੀਂ ਏਸ਼ੀਆ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਵਿੱਚ 5 ਕਿਲੋਮੀਟਰ ਪੈਦਲ ਦੌੜ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਤਲਾਣੀਆਂ ਦੇ ਖਿਡਾਰੀ ਜੋਗਿੰਦਰਪਾਲ ਸਿੰਘ ਨੇ ਸੋਨ ਤਮਗ਼ਾ ਜਿੱਤਿਆ ਹੈ। ਨੌਜਵਾਨ ਖਿਡਾਰੀ ਦਾ ਅੱਜ ਪਿੰਡ ਪਹੁੰਚਣ ‘ਤੇ ਇਲਾਕਾ ਨਿਵਾਸੀਆਂ ਵੱਲੋਂ ਭਰਵਾਂ ਸਵਾਗਤ ਕਰਦਿਆਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਹੁਣ ਸੋਨ ਤਮਗਾ ਜਿੱਤਣ ਉਪਰੰਤ ਐਥਲੀਟ ਜੋਗਿੰਦਰ ਪਾਲ ਸਾਊਥ ਕੋਰੀਆ-2026 ਵਿਖੇ ਵਿਸ਼ਵ ਮਾਸਟਰ ਐਥਲੈਟਿਕਸ ਮੀਟ ਲਈ ਵੀ ਚੁਣੇ ਗਏ ਹਨ।
ਇਸ ਮੌਕੇ ਪਿੰਡ ਅਤੇ ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਖਿਡਾਰੀ ਜੋਗਿੰਦਰ ਪਾਲ ਨੇ 23ਵੀਂ ਏਸ਼ੀਆ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਵਿੱਚ 5 ਕਿਲੋਮੀਟਰ ਪੈਦਲ ਦੌੜ ਵਿੱਚ ਗੋਲਡ ਮੈਡਲ ਜਿੱਤ ਕੇ ਅਪਣੇ ਪਿੰਡ ਇਲਾਕੇ ਦਾ ਹੀ ਨਹੀ ਸਗੋਂ ਪੂਰੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ।
ਇਸ ਮੌਕੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਜੋਗਿੰਦਰ ਪਾਲ ਸਿੰਘ ਦੇ ਘਰ ਪਹੁੰਚ ਕੇ ਉਸਦਾ ਸਨਮਾਨ ਕੀਤਾ ਗਿਆ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ। ਜ਼ਿਕਰਯੋਗ ਹੈ ਕਿ ਇਹ ਖੇਡਾਂ 5 ਤੋਂ 9 ਨਵੰਬਰ ਤੱਕ ਕਰਵਾਈਆਂ ਗਈਆਂ, ਜਿਸ ਵਿੱਚ ਵੱਖ-ਵੱਖ ਸੂਬਿਆਂ ਦੇ ਖਿਡਾਰੀਆਂ ਨੇ ਆਪਣੇ ਜੌਹਰ ਵਿਖਾਏ। ਪੰਜਾਬ ਪੁਲਿਸ ਦੇ ਡੀਆਈਜੀ ਜੇਲ੍ਹਾਂ ਦਲਜੀਤ ਸਿੰਘ ਰਾਣਾ ਨੇ ਵੀ ਭਾਲਾ ਸੁੱਟਣ ਵਿੱਚ ਸੋਨ ਤਮਗਾ ਹਾਸਲ ਕੀਤਾ ਹੈ।









