ਹਿਮਾਚਲ ਬਰਫ਼ਬਾਰੀ ਦੀਆਂ ਖ਼ਬਰਾਂ: ਦੇਸ਼ ਭਰ ਵਿੱਚ ਮੌਸਮ ਨੇ ਕਰਵਟ ਲੈ ਲਈ ਹੈ। ਸ਼ੁੱਕਰਵਾਰ ਸਵੇਰ ਤੋਂ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਕਸ਼ਮੀਰ ਤੋਂ ਲੈ ਕੇ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਤੱਕ ਕਈ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਹੋ ਰਹੀ ਹੈ। ਇਸ ਵਿਚਾਲੇ ਹੀ ਮਨਾਲੀ (Manali Tour) ਜਾਣ ਵਾਲੇ ਸੈਲਾਨੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਬਰਫ਼ਬਾਰੀ ਨੇ ਜਿੱਥੇ ਕੁਝ ਰਾਹਤ ਦਿੱਤੀ, ਉੱਥੇ ਹੀ ਦਿੱਕਤਾਂ ਵੀ ਪੈਦਾ ਹੋ ਗਈਆਂ ਹਨ। ਬਰਫ਼ਬਾਰੀ ਤੋਂ ਬਾਅਦ ਮਨਾਲੀ ਜਾਣ ਵਾਲੀਆਂ ਸੜਕਾਂ ‘ਤੇ ਕਈ ਕਿਲੋਮੀਟਰ ਟ੍ਰੈਫਿਕ ਜਾਮ ਲੱਗ ਗਿਆ ਹੈ। ਸੈਂਕੜੇ ਸੈਲਾਨੀ ਘੰਟਿਆਂ ਤੱਕ ਫਸੇ ਰਹੇ।
ਚੰਡੀਗੜ੍ਹ-ਮਨਾਲੀ ਹਾਈਵੇਅ ਬੰਦ
ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫ਼ਬਾਰੀ ਹੋਈ। ਇਸ ਬਰਫ਼ਬਾਰੀ ਨੇ ਕਈ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਚੰਡੀਗੜ੍ਹ-ਮਨਾਲੀ ਹਾਈਵੇਅ (Chandigarh Manali Highway) ਪੂਰੀ ਤਰ੍ਹਾਂ ਬੰਦ ਹੈ, ਜਿਸ ਕਾਰਨ ਕਈ ਕਿਲੋਮੀਟਰ ਤੱਕ ਟ੍ਰੈਫਿਕ ਜਾਮ ਹੈ।
ਮਨਾਲੀ ਤੋਂ 10 ਕਿਲੋਮੀਟਰ ਪਹਿਲਾਂ, ਬਰਾਹਨ ਤੋਂ ਮਨਾਲੀ ਤੱਕ ਸੜਕ ‘ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਬਰਫ਼ਬਾਰੀ ਦੌਰਾਨ ਲੋਕ ਘੰਟਿਆਂਬੱਧੀ ਆਪਣੇ ਵਾਹਨਾਂ ਵਿੱਚ ਫਸੇ ਰਹੇ। ਮਨਾਲੀ ਤੋਂ ਅਟਲ ਸੁਰੰਗ ਤੱਕ ਦਾ ਰਸਤਾ ਵੀ ਬੰਦ ਕਰ ਦਿੱਤਾ ਗਿਆ ਹੈ। ਕੁਝ ਫੋਟੋਆਂ ਅਤੇ ਵੀਡੀਓ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਸੈਲਾਨੀ ਮਨਾਲੀ ਤੋਂ ਪੈਦਲ, ਆਪਣਾ ਸਾਮਾਨ ਲੈ ਕੇ ਘਰ ਵਾਪਸ ਜਾ ਰਹੇ ਹਨ।
ਹਿਮਾਚਲ ਵਿੱਚ ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ ਸੈਲਾਨੀ ਕਈ ਥਾਵਾਂ ‘ਤੇ ਫਸੇ ਹੋਏ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਰਫ਼ਬਾਰੀ ਕਾਰਨ ਸੈਲਾਨੀ ਰਾਤ ਭਰ ਕੁੱਲੂ ਵਿੱਚ ਫਸੇ ਰਹੇ। ਬਚਾਅ ਟੀਮਾਂ ਨੇ ਸਵੇਰੇ ਉਨ੍ਹਾਂ ਨੂੰ ਬਚਾਇਆ। ਅਧਿਕਾਰੀਆਂ ਨੇ ਦੱਸਿਆ ਕਿ ਸੈਲਾਨੀਆਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਜਾ ਰਿਹਾ ਹੈ।









