ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਇੱਕ ਹੋਰ ਕਰੀਬੀ ਨੂੰ ਪੁਲਿਸ ਵੱਲੋਂ ਹਿਰਾਸਤ ’ਚ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਟਿਆਲਾ ’ਚ ਕੁਤਵਾਲੀ ਪੁਲਿਸ ਨੇ ਰਾਜੇਸ਼ ਅੱਤਰੀ ਨੂੰ ਹਿਰਾਸਤ ’ਚ ਲਿਆ ਹੈ। ਜਿਸ ’ਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਇਲਜ਼ਾਮ ਲੱਗੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਐਸਸੀ ਤੇ ਐਸਟੀ ਐਕਟ ਦੇ ਤਹਿਤ ਕਾਰਵਾਈ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਪੁਲਿਸ ਨੂੰ ਫੋਨ ’ਤੇ ਸ਼ਿਕਾਇਤ ਮਿਲੀ ਸੀ ਕਿ ਰਾਜੇਸ਼ ਅੱਤਰੀ ਵੱਲੋਂ ਜਾਤੀ ਸੂਚਕ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ। ਰਾਜੇਸ਼ ਅੱਤਰੀ ਰਵਨੀਤ ਬਿੱਟੂ ਦਾ ਕਰੀਬੀ ਹੈ ਅਤੇ ਉਹ ਰਵਨੀਤ ਬਿੱਟੂ ਦਾ ਪੀਏ ਵੀ ਦੱਸਿਆ ਜਾਂਦਾ ਰਿਹਾ ਹੈ। ਅੱਤਰੀ ਕਾਫੀ ਲੰਬੇ ਸਮੇਂ ਤੋਂ ਰਵਨੀਤ ਬਿੱਟੂ ਨਾਲ ਨਜ਼ਰ ਆਉਂਦੇ ਰਹੇ ਹਨ।