ਖਾਲਿਸਤਾਨ ਸਮਰਥਕ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਜੇਲ੍ਹ ਤੋਂ ਰਿਹਾਅ ਹੋ ਗਿਆ ਹੈ। ਹਰਪ੍ਰੀਤ ਸਿੰਘ ਹੈਪੀ ਨੂੰ ਫਲੌਰ ਦੀ ਅਦਾਲਤ ਨੇ 25 ਜੁਲਾਈ ਨੂੰ ਜ਼ਮਾਨਤ ਦੇ ਦਿੱਤੀ ਸੀ। ਹਰਪ੍ਰੀਤ ਸਿੰਘ ਹੈਪੀ ਨੂੰ 11 ਜੁਲਾਈ ਨੂੰ ਇੱਕ ਸਾਥੀ ਸਮੇਤ ਆਈਸ ਡਰੱਗਜ਼ ਨਾੜ ਫੜਿਆ ਸੀ।
ਜ਼ਾਮਨਤ ਮਿਲਣ ਤੋਂ ਬਾਅਦ ਹਰਪ੍ਰੀਤ ਸਿੰਘ ਹੈਪੀ ਸੋਮਵਾਰ ਦੇਰ ਸ਼ਾਮ ਪਟਿਆਲਾ ਜੇਲ ਤੋਂ ਬਾਹਰ ਆ ਗਿਆ ਸੀ। ਹਰਪ੍ਰੀਤ ਸਿੰਘ ਹੈਪੀ ਦੀ ਰਿਹਾਈ ਇੱਕ ਗੁਪਤ ਤਰੀਕੇ ਨਾਲ ਕੀਤੀ ਗਈ। ਇਸ ਬਾਰੇ ਨਾ ਤਾਂ ਮੀਡੀਆ ਨੂੰ ਪਤਾ ਲੱਗਣ ਦਿੱਤਾ ਤੇ ਨਾ ਹੀ ਕਿਸੇ ਤੀਸਰੇ ਬੰਦੇ ਨੂੰ ਇਹ ਜਾਣਕਾਰੀ ਮਿਲ ਸਕਦੀ ਕਿ ਬੀਤੀ ਦੇਰ ਸ਼ਾਮ ਹਰਪ੍ਰੀਤ ਸਿੰਘ ਹੈਪੀ ਨੂੰ ਰਿਹਾਅ ਕਰ ਦਿੱਤਾ ਗਿਆ।
ਰਿਹਾਅ ਹੋਣ ਤੋਂ ਬਾਅਦ ਹਰਪ੍ਰੀਤ ਸਿੰਘ ਹੈਪੀ ਦੇ ਕੁੱਝ ਦੋਸਤ ਉਸ ਨੂੰ ਪੈਦਲ ਜੇਲ੍ਹ ਤੋਂ ਬਾਹਰ ਲੈ ਕੇ ਆਏ ਅਤੇ ਕਾਰ ਵਿਚ ਬੈਠਾ ਕੇ ਆਪਣੇ ਨਾਲ ਲੈ ਗਏ। 25 ਜੁਲਾਈ ਨੂੰ ਹਰਪ੍ਰੀਤ ਸਿੰਘ ਨੂੰ ਫਿਲੌਰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। ਫਿਲੌਰ ਪੁਲਸ ਨੇ 11 ਜੁਲਾਈ ਨੂੰ ਹੈਪੀ ਨੂੰ ਉਸ ਦੇ ਸਾਥੀ ਲਵਪ੍ਰੀਤ ਸਿੰਘ ਸਮੇਤ ਫਿਲੌਰ ਹਾਈਵੇਅ ਤੋਂ ਗ੍ਰਿਫਤਾਰ ਕਰਕੇ 4 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਸੀ।
ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਨੇ ਹਰਪ੍ਰੀਤ ਦੀ ਗ੍ਰਿਫਤਾਰੀ ‘ਤੇ ਕਿਹਾ ਸੀ ਕਿ ਪੁਲਿਸ ਨੇ ਸਿਆਸੀ ਦਬਾਅ ਹੇਠ ਝੂਠਾ ਕੇਸ ਦਰਜ ਕੀਤਾ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਬਦਲੇ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਪਾਲ ਦੀ ਦੇਖ ਰੇਖ ਹੇਠ ਬਣਾਈ ਜਾ ਰਹੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।