ਬਠਿੰਡਾ ਵਿੱਚ ਕਰਾਈਮ ਕਰਨ ਵਾਲੇ ਆਟੋ ਚਾਲਕਾਂ ‘ਤੇ ਨਕੇਲ ਕਸਣ ਲਈ ਹੁਣ ਪ੍ਰਸ਼ਾਸਨ ਨੇ ਨਵਾਂ ਪ੍ਰੋਗਰਾਮ ਆਰੰਭਿਆ ਹੈ। ਇਸ ਤਹਿਤ 6000 ਦੇ ਲਗਭਗ ਬਠਿੰਡਾ ਸ਼ਹਿਰ ਅੰਦਰ ਚਲਦੇ ਆਟੋ ਰਿਕਸ਼ਾ ਅਤੇ ਈ ਰਿਕਸ਼ਾ ਬੰਦ ਹੋਣਗੇ, ਜਿਸ ਨਾਲ ਸ਼ਹਿਰ ਨੂੰ ਟਰੈਫਿਕ ਦੀ ਸਮੱਸਿਆ ਤੋਂ ਵੀ ਨਿਜਾਤ ਮਿਲੇਗੀ।
ਬਠਿੰਡਾ ਸ਼ਹਿਰ ਦੇ ਅੰਦਰ 10,000 ਦੇ ਲਗਭਗ ਆਟੋ ਅਤੇ ਈ-ਰਿਕਸ਼ਾ ਚੱਲ ਰਹੇ ਹਨ, ਜਿਸ ਨੂੰ ਲੈ ਕੇ ਜਿੱਥੇ ਸ਼ਹਿਰ ਦੇ ਅੰਦਰ ਟਰੈਫਿਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ, ਉੱਥੇ ਸ਼ਹਿਰ ਦੇ ਅੰਦਰ ਬਹੁਤ ਸਾਰੇ ਆਟੋ ਅਤੇ ਈ ਰਿਕਸ਼ਾ ਚਾਲਕ ਕ੍ਰਾਇਮ ਵੀ ਕਰਦੇ ਨਜ਼ਰ ਆਏ, ਜਿਸ ਨੂੰ ਲੈ ਕੇ ਹੁਣ ਬਠਿੰਡਾ ਟਰੈਫਿਕ ਪੁਲਿਸ ਵੱਲੋਂ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਹੁਣ ਸ਼ਹਿਰ ਦੇ ਅੰਦਰ ਸਾਰੇ ਹੀ ਆਟੋ ਅਤੇ ਈ-ਰਿਕਸ਼ਾ ਚਾਲਕਾਂ ਦੀ ਰਜਿਸਟਰੇਸ਼ਨ ਹੋਵੇਗੀ। ਇਸ ਦੇ ਵਿੱਚ ਹਰ ਇੱਕ ਵਿਅਕਤੀ ਦਾ ਆਧਾਰ ਕਾਰਡ ਅਤੇ ਡਰਾਈਵਰ ਲਾਇਸੰਸ ਦੇਖਿਆ ਜਾਵੇਗਾ ਅਤੇ ਉਸਦਾ ਅਡਰੈਸ ਵੀ ਪੂਰਾ ਪੁਲਿਸ ਵੱਲੋਂ ਬਾਅਦ ਦੇ ਵਿੱਚ ਵੈਰੀਫਿਕੇਸ਼ਨ ਕੀਤੀ ਜਾਵੇਗੀ।
ਇਸ ਮੌਕੇ ਟਰੈਫਿਕ ਇੰਚਾਰਜ ਅਮਰੀਕ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਹੁਣ ਇਹਨਾਂ ਆਟੋ ਅਤੇ ਈ ਰਿਕਸ਼ਾ ਚਾਲਕਾਂ ਦੇ ਡੋਪ ਟੈਸਟ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜੇ ਸਹੀ ਪਾਏ ਗਏ ਸਿਰਫ਼ ਉਨ੍ਹਾਂ ਨੂੰ ਹੀ ਮਨਜੂਰੀ ਦਿੱਤੀ ਜਾਵੇਗੀ। ਬਠਿੰਡਾ ਦੇ ਅੰਦਰ ਸਿਰਫ 3500 ਤੋਂ 4000 ਦੇ ਲਗਭਗ ਆਟੋ ਅਤੇ ਈ-ਰਿਕਸ਼ਾ ਚਾਲਕਾਂ ਨੂੰ ਹੀ ਸ਼ਹਿਰ ਦੇ ਅੰਦਰ ਚੱਲਣ ਦੀ ਮਨਜ਼ੂਰੀ ਦਿੱਤੀ ਜਾਵੇਗੀ, ਜਦਕਿ ਬਾਕੀ ਸਾਰਿਆਂ ਨੂੰ ਬੰਦ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਹ ਮੁਹਿੰਮ 31 ਜੁਲਾਈ ਤੱਕ ਚੱਲੇਗੀ ਅਤੇ ਉਸ ਤੋਂ ਬਾਅਦ ਇਹਨਾਂ ਦੀ ਵੈਰੀਫਿਕੇਸ਼ਨ ਕਰਕੇ ਇਹਨਾਂ ਨੂੰ ਇੱਕ ਸਰਟੀਫਿਕੇਟ ਦਿੱਤਾ ਜਾਵੇਗਾ, ਬਗੈਰ ਸਰਟੀਫਿਕੇਟ ਤੋਂ ਚਲਦੇ ਆਟੋ ਅਤੇ ਈ ਰਿਕਸ਼ਾ ਚਾਲਕ ਬੰਦ ਕੀਤੇ ਜਾਣਗੇ।