ਪੰਜਾਬ ਦੇ ਜਲੰਧਰ ਸ਼ਹਿਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਗੁਲਾਬਾ ਦੇਵੀ ਰੋਡ ‘ਤੇ ਸਥਿਤ ਇੱਕ NRI ਦੇ ਘਰ ‘ਤੇ ਗੋਲੀਆਂ ਚਲਵਾਈਆਂ ਗਈਆਂ, ਜੋ ਕਿ ਇਸ ਵੇਲੇ ਪੁਰਤਗਾਲ ਵਿੱਚ ਰਹਿ ਰਿਹਾ ਹੈ। ਇਹ ਹਮਲਾ ਪਾਕਿਸਤਾਨੀ ਡੌਨ ਸ਼ਹਿਜਾਦ ਭੱਟੀ ਵੱਲੋਂ ਕਰਵਾਇਆ ਗਿਆ। ਸੋਮਵਾਰ ਰਾਤ ਨੂੰ ਦੋ ਬਾਈਕ ਸਵਾਰ ਬਦਮਾਸ਼ਾਂ ਨੇ NRI ਦੇ ਘਰ ‘ਤੇ ਲਗਭਗ 10 ਗੋਲੀਆਂ ਚਲਾਈਆਂ। ਇਸ ਹਮਲੇ ਦਾ ਵੀਡੀਓ ਸ਼ਹਿਜਾਦ ਭੱਟੀ ਨੇ ਪਾਕਿਸਤਾਨ ਵਿੱਚੋਂ ਜਾਰੀ ਕੀਤਾ ਹੈ।
ਵੀਡੀਓ ਵਿੱਚ ਇੱਕ ਨੌਜਵਾਨ ਦੋ ਹੱਥਾਂ ‘ਚ ਹਥਿਆਰ ਫੜਕੇ ਤਾਬੜਤੋੜ ਗੋਲੀਆਂ ਚਲਾਉਂਦਾ ਦਿਖਾਈ ਦੇ ਰਿਹਾ ਹੈ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ-1 ਦੀ ਪੁਲੀਸ ਜਾਂਚ ਲਈ ਮੌਕੇ ‘ਤੇ ਪਹੁੰਚ ਗਈ। ਘਟਨਾ ਦਾ ਸੀਸੀਟੀਵੀ ਵੀ ਫੁਟੇਜ ਸਾਹਮਣੇ ਆਇਆ ਹੈ, ਜਿਸ ਵਿੱਚ ਉਕਤ ਨੌਜਵਾਨ ਗੋਲੀਆਂ ਚਲਾਉਂਦਾ ਨਜ਼ਰ ਆ ਰਿਹਾ ਹੈ।
ਪਾਕਿਸਤਾਨੀ ਡੌਨ ਭੱਟੀ ਦੀ ਭੂਮਿਕਾ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਭੱਟੀ ਦੀ ਇੱਕ ਆਡੀਓ ਰਿਕਾਰਡਿੰਗ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਵਿਦੇਸ਼ ‘ਚ ਰਹਿ ਰਹੇ ਉਕਤ ਘਰ ਦੇ ਮਾਲਕ ਨਾਲ ਗੱਲ ਕਰ ਰਿਹਾ ਹੈ। ਦੋਹਾਂ ਦਰਮਿਆਨ ਗਾਲੀ-ਗਲੋਚ ਨਾਲ ਭਰੀ ਗੱਲਬਾਤ ਦੀ ਕਥਿਤ ਰਿਕਾਰਡਿੰਗ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ।
ਵਾਰਦਾਤ ਤੋਂ ਪੰਜ ਮਿੰਟ ਪਹਿਲਾਂ ਮੈਨੂੰ ਕਾਲ ਆਈ
ਘਰ ਦੀ ਮਾਲਕਣ ਅਤੇ ਵਿਦੇਸ਼ ‘ਚ ਰਹਿ ਰਹੇ NRI ਦੀ ਮਾਂ ਚਰਨਜੀਤ ਕੌਰ ਨੇ ਦੱਸਿਆ ਕਿ ਪਹਿਲਾਂ ਮੈਨੂੰ ਇੱਕ ਕਾਲ ਆਈ, ਪਰ ਮੈਂ ਨਹੀਂ ਚੁੱਕੀ। ਫਿਰ ਦੁਬਾਰਾ ਕਾਲ ਆਈ ਅਤੇ ਮੈਨੂੰ ਗਾਲਾਂ ਕੱਢੀਆਂ ਗਈਆਂ। ਚਰਨਜੀਤ ਕੌਰ ਨੇ ਕਿਹਾ ਕਿ ਮੈਂ ਉਸ ਵਿਅਕਤੀ ਨੂੰ ਕਿਹਾ, “ਬੇਟਾ, ਮੈਂ ਤਾਂ ਤੁਹਾਨੂੰ ਜਾਣਦੀ ਵੀ ਨਹੀਂ।”
ਕਾਲ ‘ਤੇ ਬੋਲ ਰਿਹਾ ਵਿਅਕਤੀ ਪੁੱਛਦਾ ਹੈ ਕਿ “ਕਾਕਾ ਸੰਧੂ ਕਿੱਥੇ ਹੈ?” ਜਿਸ ‘ਤੇ ਚਰਨਜੀਤ ਕੌਰ ਨੇ ਜਵਾਬ ਦਿੱਤਾ ਕਿ “ਇੱਥੇ ਤਾਂ ਸਿਰਫ ਅਸੀਂ ਦੋ ਬੁਜ਼ੁਰਗ ਰਹਿੰਦੇ ਹਾਂ, ਹੋਰ ਕੋਈ ਨਹੀਂ।” ਇਸ ਤੋਂ ਬਾਅਦ ਉਸ ਵਿਅਕਤੀ ਨੇ ਧਮਕੀ ਦਿੱਤੀ, “ਪੰਜ ਮਿੰਟ ਬਾਅਦ ਵੇਖਣਾ ਤੁਹਾਡਾ ਕੀ ਬਣਦਾ ਹੈ!”
ਚਰਨਜੀਤ ਕੌਰ ਨੇ ਕਿਹਾ – ਮੈਂ ਹਾਲੇ ਉਹ ਨੰਬਰ ਨੋਟ ਕਰਨ ਹੀ ਲੱਗੀ ਸੀ ਕਿ ਅਚਾਨਕ ਘਰ ਦੇ ਬਾਹਰੋਂ ਗੋਲੀਆਂ ਦੀ ਤਾੜਤਾੜ ਸੁਣਾਈ ਦਿੱਤੀ। ਆਰੋਪੀਆਂ ਨੇ ਲਗਭਗ 13 ਤੋਂ 14 ਗੋਲੀਆਂ ਚਲਾਈਆਂ। ਜਿਸ ਨੰਬਰ ਤੋਂ ਕਾਲ ਆਈ ਸੀ, ਉਸ ‘ਤੇ ਸ਼ਹਿਜਾਦ ਭੱਟੀ ਦੀ ਫੋਟੋ ਲੱਗੀ ਹੋਈ ਸੀ। ਜਦੋਂ ਸੀਸੀਟੀਵੀ ਚੈਕ ਕੀਤਾ ਗਿਆ ਤਾਂ ਦੋ ਨੌਜਵਾਨ ਬਾਈਕ ‘ਤੇ ਸਵਾਰ ਹੋ ਕੇ ਆਏ ਸਨ ਅਤੇ ਇਕ ਵਿਅਕਤੀ ਦੋਹਾਂ ਹੱਥਾਂ ਨਾਲ ਗੋਲੀਆਂ ਚਲਾ ਰਿਹਾ ਸੀ।
ਇਸ ਮਾਮਲੇ ‘ਚ ਜਲੰਧਰ ਸਿਟੀ ਪੁਲੀਸ ਦੇ ਡੀ.ਸੀ.ਪੀ. ਮਨਪ੍ਰੀਤ ਸਿੰਘ ਨੇ ਕਿਹਾ – ਅਜੇ ਤਕ ਅਸੀਂ ਕ੍ਰਾਈਮ ਸੀਨ ਤੋਂ ਚਾਰ ਚੱਲੇ ਹੋਏ ਖੋਲ ਬਰਾਮਦ ਕੀਤੇ ਹਨ। ਜਿਸ ਘਰ ‘ਤੇ ਫਾਇਰਿੰਗ ਹੋਈ, ਉਨ੍ਹਾਂ ਦਾ ਪੁੱਤਰ ਨਾਰਵੇ ‘ਚ ਰਹਿੰਦਾ ਹੈ। ਘਰ ਦੇ ਮਾਲਕ ਦੇ ਪੁੱਤਰ ਜਤਿੰਦਰ ਨੂੰ ਪਿਛਲੇ ਸ਼ੁੱਕਰਵਾਰ ਨੂੰ ਫਿਰੋਤੀ ਲਈ ਕਾਲ ਆਈ ਸੀ।
ਡੀ.ਸੀ.ਪੀ. ਨੇ ਦੱਸਿਆ ਕਿ ਇਹ ਕਾਲ ਪਾਕਿਸਤਾਨੀ ਡੌਨ ਸ਼ਹਿਜਾਦ ਭੱਟੀ ਵਲੋਂ ਆਈ ਸੀ, ਜਿਸ ਨੇ ਜਤਿੰਦਰ ਤੋਂ ਪੈਸਿਆਂ ਦੀ ਮੰਗ ਕੀਤੀ ਸੀ। ਉਸ ਤੋਂ ਬਾਅਦ ਇਹ ਵਾਰਦਾਤ ਹੋਈ। ਡੀ.ਸੀ.ਪੀ. ਮਨਪ੍ਰੀਤ ਨੇ ਦੱਸਿਆ ਕਿ ਜਤਿੰਦਰ ਦਾ ਪੁਰਤਗਾਲ ਵਿੱਚ ਆਪਣਾ ਰੈਸਟੋਰੈਂਟ ਹੈ। ਜੋ ਆਡੀਓ ਵਾਇਰਲ ਹੋ ਰਹੀ ਹੈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਵੇਲੇ ਘਰ ਵਿੱਚ ਜਤਿੰਦਰ ਦੀ ਮਾਂ ਅਤੇ ਪਿਤਾ ਮੌਜੂਦ ਸਨ। ਦੋਹਾਂ ਸੁਰੱਖਿਅਤ ਹਨ ਅਤੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।