Thursday, January 22, 2026
Home ਰਾਜਨੀਤੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵੇਂ ਵਿਵਾਦ ‘ਚ ਫਸੇ, ਸਿੱਖ ਬੱਚਿਆਂ ਦੇ ਜੂੜਿਆਂ...

ਪੰਜਾਬ ਕਾਂਗਰਸ ਦੇ ਪ੍ਰਧਾਨ ਨਵੇਂ ਵਿਵਾਦ ‘ਚ ਫਸੇ, ਸਿੱਖ ਬੱਚਿਆਂ ਦੇ ਜੂੜਿਆਂ ਨੂੰ ਛੂਹ ਕੇ ਕਿਹਾ- ‘ਕਿੱਧਰ ਚਲੇ 2 ਸ

0
12403
ਪੰਜਾਬ ਕਾਂਗਰਸ ਦੇ ਪ੍ਰਧਾਨ ਨਵੇਂ ਵਿਵਾਦ 'ਚ ਫਸੇ, ਸਿੱਖ ਬੱਚਿਆਂ ਦੇ ਜੂੜਿਆਂ ਨੂੰ ਛੂਹ ਕੇ ਕਿਹਾ- 'ਕਿੱਧਰ ਚਲੇ 2 ਸ

 


ਤਰਨਤਾਰਨ ਜ਼ਿਮਣੀ ਚੋਣ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਹਰ ਰੋਜ਼ ਨਵੇਂ ਵਿਵਾਦਾਂ ਵਿੱਚ ਫਸਦੇ ਰਹਿੰਦੇ ਹਨ। ਰਾਜਾ ਵੜਿੰਗ ਨਾਲ ਇੱਕ ਹੋਰ ਵਿਵਾਦ ਜੁੜ ਗਿਆ ਹੈ। ਸ਼ਨੀਵਾਰ ਰਾਤ ਨੂੰ ਪ੍ਰਚਾਰ ਦੌਰਾਨ, ਉਨ੍ਹਾਂ ਨੇ ਦੋ ਸਿੱਖ ਬੱਚਿਆਂ ਦੇ ਜੂੜਿਆਂ ਨੂੰ ਹੱਥ ਫੜ ਕੇ ਕਿਹਾ ਕਿ “ਕਿੱਧਰ ਚਲੇ ਦੋ ਸਰਦਾਰ, ਟੂ-ਟੂ-ਟੂ-ਟੂ-ਟੂੰ”। ਜਿਸ ਤੋਂ ਬਾਅਦ ਹੁਣ ਨਵਾਂ  ਵਿਵਾਦ ਖੜ੍ਹਾ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ।

ਸੁਖਬੀਰ ਸਿੰਘ ਬਾਦਲ ਨੇ ਇਸਨੂੰ ਸਿੱਖ ਧਰਮ ਦੀ ਬੇਅਦਬੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਜਾ ਵੜਿੰਗ ਨੇ ਇਹ ਕਰਕੇ ਸਿੱਖ ਮਰਿਆਦਾ ਦਾ ਅਪਮਾਨ ਕੀਤਾ ਹੈ। ਸੁਖਬੀਰ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ 17 ਸਕਿੰਟ ਦਾ ਇੱਕ ਵੀਡੀਓ ਵੀ ਪੋਸਟ ਕੀਤਾ ਹੈ।

ਸਿੱਖ ਕੌਮ ਦਾ ਅਪਮਾਨ ਕਰਨਾ ਕਾਂਗਰਸ ਆਗੂਆਂ ਦੀ ਆਮ ਗੱਲ-ਸੁਖਬੀਰ ਸਿੰਘ ਬਾਦਲ

ਉਨ੍ਹਾਂ ਨੇ ਨਾਲ ਹੀ ਇੱਕ ਪੋਸਟ ਲਿਖੀ ਜਿਸ ਵਿੱਚ ਉਨ੍ਹਾਂ ਨੇ ਕਿਹਾ – ”ਸਿੱਖ ਕੌਮ ਦਾ ਨਿਰਾਦਰ ਕਰਨਾ ਤੇ ਮਜ਼ਾਕ ਬਣਾਉਣਾ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦੇ ਆਗੂਆਂ ਦਾ ਹੁਣ ਇੱਕ ਆਮ ਸੁਭਾਅ ਬਣਦਾ ਜਾ ਰਿਹਾ ਹੈ।
ਗੁਰੂ ਸਾਹਿਬ ਨੇ ਸਿੱਖ ਕੌਮ ਨੂੰ ਕੇਸਾਂ ਦੀ ਅਨਮੋਲ ਦਾਤ ਬਖਸ਼ਿਸ਼ ਕੀਤੀ ਹੈ ਅਤੇ ਕੇਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਸਿੱਖ ਨੂੰ ਬਖਸ਼ੇ ਪੰਜ ਕਕਾਰਾਂ ਵਿੱਚੋ ਇੱਕ ਹਨ।
ਦੁੱਖ ਦੀ ਗੱਲ ਇਹ ਹੈ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੂੰ ਪੰਜਾਬ ਵਿੱਚ ਜੰਮੇ ਹੋਣ ਦੇ ਬਾਵਜੂਦ ਵੀ ਇਸ ਗੱਲ ਦੀ ਸਮਝ ਨਹੀਂ ਕਿ ਸਿੱਖਾਂ ਲਈ ਕੇਸ ਅਤੇ ਜੂੜੇ ਦੀ ਕੀ ਅਹਿਮੀਅਤ ਹੈ।”

ਉਨ੍ਹਾਂ ਨੇ ਅੱਗੇ ਕਿਹਾ- ”ਜਿਸ ਤਰ੍ਹਾਂ ਵੜਿੰਗ ਨੇ ਤਰਨਤਾਰਨ ਸਾਹਿਬ ਵਿਖੇ ਦੋ ਸਿੱਖ ਬੱਚਿਆਂ ਦੇ ਜੂੜਿਆਂ ਉੱਪਰ ਮਜ਼ਾਕੀਆ ਟਿੱਪਣੀਆਂ ਕਰਦਿਆਂ ਜੂੜੇ ਛੂਹੇ, ਉਹ ਕੇਸਾਂ ਅਤੇ ਗੁਰੂ ਸਾਹਿਬ ਵਲੋਂ ਬਖਸ਼ੇ ਕਕਾਰਾਂ ਦੀ ਬੇਅਦਬੀ ਹੈ ਅਤੇ ਇਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ।

ਮੈਂ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜੀ ਨੂੰ ਬੇਨਤੀ ਵੀ ਕਰਦਾ ਹਾਂ ਕਿ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਇਸ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਇੱਥੇ ਇਹ ਵੀ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਬੀਤੇ ਦਿਨੀਂ ਰਾਜਾ ਵੜਿੰਗ ਨੇ ਦਲਿਤ ਭਾਈਚਾਰੇ ਬਾਰੇ ਭੱਦੀ ਸ਼ਬਦਾਵਲੀ ਵਰਤ ਕੇ ਉਨ੍ਹਾਂ ਦਾ ਘੋਰ ਅਪਮਾਨ ਕੀਤਾ ਅਤੇ ਅਗਲੇ ਹੀ ਦਿਨ ਕਾਂਗਰਸ ਪਾਰਟੀ ਦੇ ਹੋਰ ਵੱਡੇ ਆਗੂਆਂ ਨੇ ਚੋਣ ਮੁਹਿੰਮ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਜੀਵਨ ਸਿੰਘ ਜੀ ਦਾ ਵੀ ਨਿਰਾਦਰ ਕੀਤਾ ਸੀ। ਇਹ ਸਾਰੀਆਂ ਘਟਨਾਵਾਂ ਕਿਸੇ ਸੋਚੀ ਸਮਝੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀਆਂ ਹਨ, ਜਿਸ ਤੋਂ ਸਮੂਹ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ।

 

LEAVE A REPLY

Please enter your comment!
Please enter your name here