ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੋਂਦ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੇ ਨੌਵੇਂ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ 23 ਤੋਂ 25 ਨਵੰਬਰ ਤੱਕ ਖਾਲਸੇ ਦੀ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ੇਸ਼ ਸਮਾਗਮਾਂ ਦਾ ਵਿਸਤ੍ਰਿਤ ਸ਼ਡਿਊਲ ਜਾਰੀ ਕਰ ਦਿੱਤਾ ਹੈ। ਰਾਜ ਸਰਕਾਰ ਨੇ ਇਨ੍ਹਾਂ ਸਮਾਗਮਾਂ ਦੀ ਸਫ਼ਲ ਯੋਜਨਾਬੰਦੀ ਅਤੇ ਅਮਲ ਲਈ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਨੂੰ ਨੋਡਲ ਵਿਭਾਗ ਵਜੋਂ ਨਿਯੁਕਤ ਕੀਤਾ ਹੈ।
ਮੰਤਰੀ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ 23 ਨਵੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਨਾਲ ਹੋਵੇਗੀ, ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਹਾਜ਼ਰੀ ਭਰਨਗੇ। ਦੁਪਹਿਰ 12 ਵਜੇ ਬਾਬਾ ਬੁੱਢਾ ਦਲ ਛਾਉਣੀ ਦੇ ਮੁੱਖ ਪੰਡਾਲ ਵਿਖੇ ਸਰਵ ਧਰਮ ਸੰਮੇਲਨ ਹੋਵੇਗਾ। ਵਿਰਾਸਤ-ਏ-ਖਾਲਸਾ ਵਿਖੇ ਸ਼ਾਮ 5 ਵਜੇ ਡਰੋਨ ਸ਼ੋਅ ਦਾ ਆਯੋਜਨ ਕੀਤਾ ਜਾਵੇਗਾ, ਜਿਸ ਤੋਂ ਬਾਅਦ ਮੁੱਖ ਪੰਡਾਲ ਵਿੱਚ ਸ਼ਾਮ 6 ਵਜੇ ਕਥਾ ਅਤੇ ਕੀਰਤਨ ਦਰਬਾਰ ਹੋਵੇਗਾ।
24 ਨਵੰਬਰ ਬਾਰੇ ਵੇਰਵੇ ਸਾਂਝੇ ਕਰਦਿਆਂ ਮੰਤਰੀ ਨੇ ਦੱਸਿਆ ਕਿ ਸੀਸ ਭੇਟ ਨਗਰ ਕੀਰਤਨ ਸਵੇਰੇ 8 ਵਜੇ ਕੀਰਤਪੁਰ ਸਾਹਿਬ ਤੋਂ ਆਰੰਭ ਹੋ ਕੇ ਭਾਈ ਜੈਥਾ ਜੀ ਦੀ ਯਾਦਗਾਰ ਵਿਖੇ ਸਮਾਪਤ ਹੋਵੇਗਾ। ਦੁਪਹਿਰ 1 ਵਜੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਭਾਈ ਜੈਥਾ ਜੀ ਯਾਦਗਾਰ ਵਿਖੇ ਹੋਵੇਗਾ। ਦਿਨ ਭਰ ਵੱਖ-ਵੱਖ ਧਾਰਮਿਕ ਗਤੀਵਿਧੀਆਂ ਹੋਣਗੀਆਂ ਅਤੇ ਸ਼ਾਮ 5 ਵਜੇ ਡਰੋਨ ਸ਼ੋਅ ਅਤੇ ਸ਼ਾਮ 6 ਵਜੇ ਕਥਾ ਅਤੇ ਕੀਰਤਨ ਦਰਬਾਰ ਸ਼ੁਰੂ ਹੋਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ 25 ਨਵੰਬਰ ਨੂੰ ਸਵੇਰੇ 10 ਵਜੇ ਬਾਬਾ ਬੁੱਢਾ ਦਲ ਛਾਉਣੀ ਦੇ ਮੁੱਖ ਪੰਡਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਦੁਪਹਿਰ 12 ਵਜੇ ਸਰਬੱਤ ਦਾ ਭਲਾ ਇਕਤਾਰਾਤਾ ਸਮਾਗਮ ਹੋਵੇਗਾ, ਜਿਸ ਵਿਚ ਉੱਘੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਦੀ ਸ਼ਮੂਲੀਅਤ ਹੋਵੇਗੀ। ਤਿੰਨ ਰੋਜ਼ਾ ਵਿਸ਼ਾਲ ਯਾਦਗਾਰੀ ਸਮਾਗਮ ਸ਼ਾਮ 5 ਵਜੇ ਇੱਕ ਸ਼ਾਨਦਾਰ ਡਰੋਨ ਸ਼ੋਅ ਨਾਲ ਸਮਾਪਤ ਹੋਵੇਗਾ।ਪੰਜਾਬ ਸਰਕਾਰ ਵੱਲੋਂ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਇਨ੍ਹਾਂ ਸ਼ਾਨਦਾਰ ਅਤੇ ਇਤਿਹਾਸਕ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।









