ਲੈਂਡ ਪੂਲਿੰਗ ਸਕੀਮ ਦੇ ਖਿਲਾਫ ਕਿਸਾਨ – ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰਾਜ ਪੱਧਰ ’ਤੇ ਕੀਤੇ ਗਏ ਵਿਆਪਕ ਵਿਰੋਧ ਅਤੇ ਮੋਟਰਸਾਈਕਲ ਮਾਰਚ ਤੋਂ ਬਾਅਦ, ਦੇਰ ਸ਼ਾਮ ਪ੍ਰਿੰਸੀਪਲ ਸੈਕਟਰੀਏਟ ਪੰਜਾਬ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਪਾਲਸੀ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਗਿਆ। ਇਸ ਫੈਸਲੇ ’ਤੇ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਆਪਣੀ ਪ੍ਰਤਿਕ੍ਰਿਆ ਦਿੱਤੀ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਆਪਣੇ ਪਿੰਡ ਅੰਮ੍ਰਿਤਸਰ ਪੰਧੇਰ ਤੋਂ ਮੀਡੀਆ ਨਾਲ ਗੱਲਬਾਤ ਦੌਰਾਨ ਸਭ ਤੋਂ ਪਹਿਲਾਂ ਉਹਨਾਂ ਸਾਰੇ ਕਿਸਾਨਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਲੈਂਡ ਪੋਲਿੰਗ ਪਾਲਸੀ ਦੇ ਵਿਰੋਧ ’ਚ ਆਪਣਾ ਯੋਗਦਾਨ ਪਾਇਆ। ਉਹਨਾਂ ਦੱਸਿਆ ਕਿ ਇਹ ਪਾਲਸੀ ਪਹਿਲਾਂ ਪੰਜਾਬ ਕੈਬਨਿਟ ਤੋਂ ਪਾਸ ਹੋਈ ਸੀ ਅਤੇ ਬਾਅਦ ਵਿੱਚ ਗਵਰਨਰ ਕੋਲ ਵੀ ਭੇਜੀ ਗਈ ਸੀ।
ਪੰਧੇਰ ਨੇ ਕਿਹਾ ਕਿ ਪਾਲਸੀ ਨੂੰ ਰੱਦ ਕਰਨ ਨੂੰ ਲੈ ਕੇ ਹਾਲੇ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਉਹਨਾਂ ਸਪਸ਼ਟ ਕੀਤਾ ਕਿ ਜੇਕਰ ਪ੍ਰਿੰਸੀਪਲ ਸੈਕਟਰੀਏਟ ਵੱਲੋਂ ਜਾਰੀ ਪ੍ਰੈਸ ਬਿਆਨ ਦੇ ਅਨੁਸਾਰ ਪਾਲਿਸੀ ਰੱਦ ਹੁੰਦੀ ਹੈ, ਤਾਂ ਇਹ ਪੰਜਾਬ ਦੇ ਲੋਕਾਂ ਦੀ ਵੱਡੀ ਜਿੱਤ ਹੋਵੇਗੀ।