ਕਰਤਾਰਪੁਰ ਦੇ ਐੱਸ-55 ਗੇਟ ‘ਤੇ ਗੇਟਮੈਨ ਸਮੇਤ ਡਿਊਟੀ ਕਰ ਰਹੇ ਆਰਪੀਐੱਫ ਦੇ ਮੁਲਾਜ਼ਮ ‘ਤੇ ਨਿਹੰਗਾਂ ਦੇ ਕੱਪੜੇ ਪਾ ਕੇ ਆਏ ਲੋਕਾਂ ਨੇ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਿਕ ਕੁਝ ਨੌਜਵਾਨ ਨਿਹੰਗਾਂ ਦੇ ਬਾਣੇ ਵਿੱਚ ਆਏ ਤੇ ਗੇਟਮੈਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਬਾਂਹ ਵੱਢ ਦਿੱਤੀ, ਜਿਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਗੇਟਮੈਨ ਦੱਸ ਰਿਹਾ ਹੈ ਕਿ ਨਿਹੰਗਾਂ ਨੇ ਮੁਲਾਜ਼ਮ ‘ਤੇ ਹਮਲਾ ਕਰਕੇ ਉਸ ਦੀ ਬਾਂਹ ਵੱਢ ਦਿੱਤੀ।
ਵੀਡੀਓ ‘ਚ ਮੁਲਾਜ਼ਮ ਸੁਰੱਖਿਆ ਦੀ ਮੰਗ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਹੁਣ ਸੁਰੱਖਿਆ ਤੋਂ ਬਿਨਾਂ ਗੇਟ ‘ਤੇ ਡਿਊਟੀ ਨਿਭਾਉਣੀ ਅਸੰਭਵ ਹੈ। ਜਿਉਂ ਹੀ ਜੀਆਰਪੀ ਅਤੇ ਆਰਪੀਐਫ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਥਾਣਾ ਕਰਤਾਰਪੁਰ ਦੀ ਪੁਲਿਸ ਨੂੰ ਸੂਚਨਾ ਦਿੱਤੀ।
ਆਰਪੀਐਫ ਦੇ ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਜ਼ਖ਼ਮੀ ਮੁਲਾਜ਼ਮ ਨੂੰ ਜਲੰਧਰ ਦੇ ਰੇਲਵੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਐਸਐਚਓ ਨੇ ਦੱਸਿਆ ਕਿ ਜਦੋਂ ਗੱਡੀ ਗੇਟ ’ਤੇ ਰੁਕੀ ਤਾਂ ਆਰਪੀਐਫ ਮੁਲਾਜ਼ਮ ਗੇਟਮੈਨ ਸਮੇਤ ਡਿਊਟੀ ਕਰ ਰਹੇ ਸਨ। ਕਰਮਚਾਰੀ ਨੇ ਕਾਰ ਸਾਈਡ ‘ਤੇ ਖੜ੍ਹੀ ਕਰਨ ਲਈ ਕਿਹਾ। ਇਸੇ ਕਾਰਨ ਮੁਲਾਜ਼ਮ ‘ਤੇ ਹਮਲਾ ਕੀਤਾ ਗਿਆ।